ਪੰਜਾਬ ਪੁਲਸ ਦੇ ਬਹਾਦਰ ਜਵਾਨ ਹਰਜੀਤ ਸਿੰਘ ਦੇ ਹੌਂਸਲੇ ਨੂੰ ਸਮੁੱਚੀ ਪੁਲਸ ਨੇ ਕੀਤਾ ''ਸਿੱਜਦਾ''
Monday, Apr 27, 2020 - 08:17 PM (IST)
ਗੁਰੂਹਰਸਹਾਏ, ਖਰੜ, ਲੋਹੀਆਂ ਖਾਸ (ਆਵਲਾ, ਅਮਰਦੀਪ) : ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪੰਜਾਬ ਵਿਚ ਚੱਲ ਰਹੇ ਕਰਫ਼ਿਊ ਦੌਰਾਨ ਪਿਛਲੇ ਦਿਨੀਂ ਪਟਿਆਲਾ ਵਿਖੇ ਡਿਊਟੀ ਕਰ ਰਹੇ ਪੰਜਾਬ ਪੁਲਸ ਦੇ ਜਵਾਨ ਹਰਜੀਤ ਸਿੰਘ 'ਤੇ ਕੁਝ ਨਿਹੰਗਾਂ ਵੱਲੋਂ ਹਮਲਾ ਕਰਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਹੱਥ ਕੱਟ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਜਵਾਨ ਵੱਲੋਂ ਆਪਣੇ ਕੱਟੇ ਹੋਏ ਹੱਥ ਨੂੰ ਖੁਦ ਆਪ ਚੱਕ ਕੇ ਹਸਪਤਾਲ 'ਚ ਲਿਜਾਇਆ ਗਿਆ। ਪੁਲਸ ਦੇ ਇਸ ਜਵਾਨ ਦੇ ਹੌਂਸਲੇ ਨੂੰ ਲੈ ਕੇ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਅੱਜ ਪੂਰੇ ਪੰਜਾਬ ਵਿਚ ਉਸ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਸਾਰੇ ਥਾਣਿਆਂ ਵਿਚ ਡਿਊਟੀ ਕਰਦੇ ਪੁਲਸ ਮੁਲਾਜ਼ਮਾਂ ਨੂੰ ਆਪਣੀ ਵਰਦੀ ਉੱਪਰ ਆਪਣੇ ਨਾਮ ਦੀ ਜਗ੍ਹਾਂ 'ਤੇ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਲਾ ਕੇ ਉਸ ਨੂੰ ਸਲਾਮ ਕਰਨ ਲਈ ਕਿਹਾ ਹੈ ਜਿਸ ਦੇ ਚਲਦਿਆਂ ਅੱਜ ਥਾਣਾ ਗੁਰੂ ਹਰਸਹਾਏ ਦੇ ਥਾਣਾ ਮੁਖੀ ਜਸਵਰਿੰਦਰ ਸਿੰਘ ਅਤੇ ਥਾਣੇ ਵਿਚ ਡਿਊਟੀ ਕਰਦੇ ਸਮੂਹ ਪੁਲਸ ਕਰਮਚਾਰੀਆਂ ਵੱਲੋਂ ਆਪਣੀ ਵਰਦੀ ਉੱਪਰ ਉਸ ਦੇ ਨਾਮ ਦੀ ਨੇਮ ਪਲੇਟ ਲਾ ਕੇ (ਮੈਂ ਹਰਜੀਤ ਸਿੰਘ ਹਾਂ ਤੇਰੇ ਹੌਸਲੇ ਤੇ ਜਜ਼ਬੇ ਨੂੰ ਸਲਾਮ) ਇਸ ਜਵਾਨ ਦੇ ਹੌਂਸਲੇ ਨੂੰ ਸਲਾਮ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਹੁਕਮਾਂ ਤੋਂ ਬਾਅਦ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ, ਸ਼ਹਿਰ ਦੇ ਡੀ. ਐੱਸ. ਪੀ. ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਦੇ ਸਾਰੇ ਪੁਲਸ ਮੁਲਾਜ਼ਮਾਂ ਨੇ ਆਪਣੇ ਨਾਂ ਦੀ ਨੇਮ ਪਲੇਟ 'ਤੇ ਹਰਜੀਤ ਸਿੰਘ ਦੇ ਨਾਮ ਦੀ ਪਲੇਟ ਲਗਾਈ ਹੋਈ ਹੈ। ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਹ ਹਰਜੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ।
ਇਸੇ ਤਰ੍ਹਾਂ ਖਰੜ ਪੁਲਸ ਨੇ ਵੀ ਪੰਜਾਬ ਪੁਲਸ ਦੇ ਬਹਾਦਰ ਜਵਾਨ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਮੈਂ ਵੀ ਹਰਜੀਤ ਸਿੰਘ ਹਾਂ ਨਾਮ ਦੇ ਬਿੱਲੇ ਲਗਾ ਕੇ ਮਾਰਚ ਕੱਢਿਆ।
ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਥਾਣਾ ਸਦਰ ਦੇ ਐੱਸ. ਐਚ. ਓ. ਇੰਸਪੈਕਟਰ ਸੁਖਵੀਰ ਸਿੰਘ ਥਾਣਾ ਘੜੂੰਆਂ ਦੇ ਐੱਸ. ਐੱਚ. ਓ. ਕੈਲਾਸ਼ ਬਹਾਦਰ ਏ. ਐੱਸ. ਆਈ. ਅਵਤਾਰ ਸਿੰਘ ਐੱਸ. ਐੱਚ. ਓ. ਮਨਫੂਲ ਸਿੰਘ ਵੱਲੋਂ ਬਹਾਦਰ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਨੂੰ ਸਲਾਮ ਕੀਤਾ।
ਲੋਹੀਆ ਦੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੁਲਸ ਮੁਖੀ ਦਿਨਕਰ ਗੁਪਤਾ ਦੇ ਹੁਕਮਾਂ 'ਤੇ ਅੱਜ ਡੀ.ਜੀ.ਪੀ. ਤੋਂ ਲੈ ਕੇ ਪੰਜਾਬ ਪੁਲਸ ਦੇ ਇਕ ਸਿਪਾਹੀ ਤੱਕ ਸਾਰੇ ਮੁਲਾਜ਼ਮ ਜ਼ਖਮੀ ਏ.ਐੱਸ.ਆਈ. ਹਰਜੀਤ ਸਿੰਘ ਜਿਨ੍ਹਾਂ ਨੂੰ ਬਹਾਦਰੀ ਵਜੋਂ ਪਦ ਉੱਨਤ ਕਰਦਿਆਂ ਸਬ-ਇੰਸਪੈਕਟਰ ਬਣਾਇਆ ਗਿਆ ਸੀ, ਦੀ ਬਹਾਦਰੀ ਨੂੰ ਸਮਰਪਿਤ ਹੁੰਦਿਆਂ ਉਨ੍ਹਾਂ ਦੇ ਨਾਮ 'ਹਰਜੀਤ ਸਿੰਘ' ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਅ ਰਹੇ ਹਨ। ਲੋਹੀਆ ਪੁਲਸ ਨੇ ਵੀ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਹੇਠ 'ਹਰਜੀਤ ਸਿੰਘ' ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਉਂਦਿਆਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਫਲੈਗ ਮਾਰਚ ਕੀਤਾ, ਜਿਸ ਦੀ ਸਮੂਹ ਸ਼ਹਿਰੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।