ਵੱਡੀ ਖ਼ਬਰ : ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ
Monday, Nov 29, 2021 - 03:00 PM (IST)
ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਜਲਾਸ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 44ਵਾਂ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਹੈ। ਵਿਰੋਧੀ ਧਿਰ ਵਲੋਂ ਮਿੱਠੂ ਸਿੰਘ ਕਾਨੇਕੇ ਦਾ ਨਾਮ ਵੀ ਪੇਸ਼ ਕੀਤਾ ਗਿਆ ਸੀ ਪਰ ਵੋਟਿੰਗ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕਰ ਲਈ ਹੈ। ਐੱਸ.ਜੀ.ਪੀ.ਸੀ. ਦੇ ਨਵੇਂ ਪ੍ਰਧਾਨ ਨੇ 122 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਾਮਚੁਰਾਸੀ ਤੋਂ ਪਿਛਲੇ 25 ਸਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਅੱਜ ਹੋਵੇਗੀ SGPC ਦੇ ਪ੍ਰਧਾਨ ਦੀ ਚੋਣ, ਚਰਚਾ ’ਚ ਹਨ ਇਹ ਨਾਂ
ਦੱਸ ਦੇਈਏ ਕਿ ਸਾਲ ਭਰ ਤੋਂ ਕਮੇਟੀ ਦੇ ਆਨਰੇਰੀ ਚੀਫ ਸੈਕਟਰੀ ਵਜੋਂ ਕਾਰਜਸ਼ੀਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਪਦ ਲਈ ਵਧੇਰੇ ਚਰਚਾ ’ਚ ਰਹੇ ਹਨ। ਧਾਮੀ ਦੀ ਸਿੱਖ ਮਸਲਿਆਂ 'ਤੇ ਚੰਗੀ ਪੱਕੜ ਹੈ। ਹਰਜਿੰਦਰ ਸਿੰਘ ਧਾਮੀ ਦਾ ਨਿਹੰਗ ਸਿੰਘ ਜਥੇਬੰਦੀਆਂ ਅਤੇ ਗਰਮ ਖਿਆਲੀਆਂ ਨਾਲ ਵੀ ਚੰਗਾ ਰਾਬਤਾ ਹੈ। ਇਸ ਤੋਂ ਇਲਾਵਾ ਹਰਜਿੰਦਰ ਧਾਮੀ ਬਾਦਲ ਪਰਿਵਾਰ ਦੇ ਵਧੇਰੇ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਉਹ ਤਜਰਬੇਕਾਰ ਵੀ ਹਨ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਿਛਲੀ ਵਾਰ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਸਨ ਪਰ ਪ੍ਰਧਾਨਗੀ ਨਾ ਮਿਲਣ ਕਰਕੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਚੀਫ ਸਕੱਤਰ ਲਾਇਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਕੁਲ 190 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚੋਂ 170 ਮੈਂਬਰ ਵੋਟਾਂ ਰਾਹੀਂ ਚੁਣੇ ਹੋਏ ਤੇ 15 ਮੈਂਬਰ ਵੱਖ ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਪੰਜ ਤਖਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ। ਇਸ ਵੇਲੇ ਮੌਜੂਦਾ ਹਾਊਸ ਦੇ ਲਗਪਗ 23 ਮੈਂਬਰਾਂ ਦਾ ਦੇਹਾਂਤ ਹੋ ਚੁੱਕਾ ਹੈ ਤੇ ਦੋ ਮੈਂਬਰਾਂ ਨੇ ਅਸਤੀਫ਼ਾ ਦਿੱਤਾ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ