ਪੰਜਾਬ ਕਾਂਗਰਸ ਦੇ ਕਲੇਸ਼ ''ਤੇ ਹਰੀਸ਼ ਰਾਵਤ ਨੇ ਖੜ੍ਹੇ ਕੀਤੇ ਹੱਥ, ਕਿਹਾ- ਸਿੱਧੂ ਦਾ ਅਸਤੀਫ਼ਾ ਹੋਣਾ ਚਾਹੀਦਾ ਸੀ ਮਨਜ਼ੂਰ

Thursday, Oct 21, 2021 - 06:08 PM (IST)

ਪੰਜਾਬ ਕਾਂਗਰਸ ਦੇ ਕਲੇਸ਼ ''ਤੇ ਹਰੀਸ਼ ਰਾਵਤ ਨੇ ਖੜ੍ਹੇ ਕੀਤੇ ਹੱਥ, ਕਿਹਾ- ਸਿੱਧੂ ਦਾ ਅਸਤੀਫ਼ਾ ਹੋਣਾ ਚਾਹੀਦਾ ਸੀ ਮਨਜ਼ੂਰ

ਜਲੰਧਰ : ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਅੱਕੇ ਹਰੀਸ਼ ਰਾਵਤ ਨੇ ਹੁਣ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਇੰਚਾਰਜ ਦਾ ਅਹੁਦਾ ਛੱਡਣ ਲਈ ਹਾਈਕਮਾਨ ਨੂੰ ਵੀ ਬੇਨਤੀ ਕੀਤੀ ਹੈ।ਇਸੇ ਦਰਮਿਆਨ ਹਰੀਸ਼ ਰਾਵਤ ਨੇ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਈਕਮਾਨ ਨੂੰ ਨਵਜੋਤ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲੈਣਾ ਚਾਹੀਦਾ ਸੀ।ਬੇਸ਼ੱਕ ਹਰੀਸ਼ ਰਾਵਤ ਨੇ ਉੱਤਰਾਖੰਡ 'ਚ ਆ ਰਹੀਆਂ ਚੋਣਾਂ ਦੇ ਬਹਾਨੇ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ 'ਤੋਂ ਛੁੱਟੀ ਦੀ ਮੰਗ ਕੀਤੀ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਰਾਵਤ ਕਾਂਗਰਸ ਦਾ ਕਲੇਸ਼ ਸੁਲਝਾਉਣ 'ਚ ਅਸਫ਼ਲ ਰਹੇ ਹਨ ।

ਇਹ ਵੀ ਪੜ੍ਹੋ : ਭਾਜਪਾ ਨਾਲ ਨੇੜਤਾ ਦੀਆਂ ਚਰਚਾਵਾਂ ਦਰਮਿਆਨ ਕੈਪਟਨ ਦੀ ਦੋ-ਟੁੱਕ, ਇਸ ਸ਼ਰਤ 'ਤੇ ਹੋਵੇਗਾ ਗਠਜੋੜ

ਗੌਰਤਲਬ ਹੈ ਕਿ ਦਿਨੋਂ-ਦਿਨ ਗਹਿਰੇ ਹੋ ਰਹੇ ਕਾਂਗਰਸ ਦੇ ਕਾਟੋ-ਕਲੇਸ਼ ਨੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਸਿਆਸੀ ਆਗੂਆਂ ਦੇ ਅਹੁਦਿਆਂ ਦੀਆਂ ਤਬਦੀਲੀਆਂ ਕਰ ਦਿੱਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਜਗ੍ਹਾ ਵੀ ਹਰੀਸ਼ ਚੌਧਰੀ ਲੈ ਸਕਦੇ ਹਨ। ਹਰੀਸ਼ ਰਾਵਤ ਦੇ ਪੰਜਾਬ ਕਾਂਗਰਸ ਇੰਚਾਰਜ ਬਣਦਿਆਂ ਹੀ ਸਿੱਧੂ ਨੇ ਰਾਵਤ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਸਾਢੇ ਚਾਰ ਸਾਲਾਂ ਤੋਂ ਕੈਪਟਨ ਖ਼ਿਲਾਫ਼ ਅੰਦਰਖਾਤੇ ਸੁਲਗ ਰਹੀ ਅੱਗ ਭਾਂਬੜ ਬਣ ਬਾਹਰ ਆਈ ਅਤੇ ਕੈਪਟਨ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ।ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ 'ਤੇ ਵੀ ਇਹ ਕਲੇਸ਼ ਸੁਲਝਣ ਦਾ ਨਾਂ ਨਹੀਂ ਲੈ ਰਿਹਾ ਅਤੇ ਨਵਜੋਤ ਸਿੱਧੂ ਨੇ ਪ੍ਰਧਾਨਗੀ ਪਦ ਤੋਂ ਅਸਤੀਫ਼ਾ ਦੇ ਦਿੱਤਾ। ਸਿੱਧੂ ਦੇ ਅਸਤੀਫ਼ੇ 'ਤੇ ਅਜੇ ਤੱਕ ਸ਼ਸ਼ੋਪੰਜ ਬਰਕਰਾਰ ਹੈ ਕਿ ਅਸਤੀਫ਼ਾ ਮਨਜ਼ੂਰ ਹੋਇਆ ਹੈ ਜਾਂ ਨਹੀਂ। ਇਸੇ ਦਰਮਿਆਨ ਹਰੀਸ਼ ਰਾਵਤ ਵੱਲੋਂ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੀ ਗੱਲ ਸਾਫ਼ ਦਰਸਾਉਂਦੀ ਹੈ ਕਿ ਉਹ ਵੀ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਹੱਲ ਕਰਨ 'ਚ ਕਾਮਯਾਬ ਨਹੀਂ ਹੋ ਸਕੇ।

ਇਹ ਵੀ ਪੜ੍ਹੋ : ਨੀਲੇ ਚੋਲੇ, ਹੱਥਾਂ ’ਚ ਕਿਰਪਾਨ, ਦਸ ਗੁਰੂਆਂ ਨੂੰ ਮੰਨਣ ਵਾਲੇ, ਜਾਣੋ ਕੌਣ ਹੁੰਦੇ ਹਨ ਨਿਹੰਗ ਸਿੰਘ ਯੋਧੇ

ਨੋਟ:  ਹਰੀਸ਼ ਰਾਵਤ ਦੇ ਬਿਆਨ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News