ਹਰੀਸ਼ ਰਾਵਤ ਦਾ ਵੱਡਾ ਬਿਆਨ, ਕਿਹਾ-ਵਿਰੋਧੀ ਕਰ ਰਹੇ ਨੇ ‘ਕੈਪਟਨ’ ਦਾ ਇਸਤੇਮਾਲ
Friday, Oct 01, 2021 - 03:40 PM (IST)
 
            
            ਜਲੰਧਰ (ਬਿਊਰੋ)— ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਜਿਹੇ ਬਿਆਨ ਆ ਰਹੇ ਹਨ, ਜਿਵੇਂ ਉਹ ਕਿਸੇ ਦਬਾਅ ’ਚ ਹੋਣ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਨਮਾਨ ਦਿੱਤਾ ਹੈ, ਤਾਂ ਫਿਰ ਉਨ੍ਹਾਂ ਦਾ ਪਾਰਟੀ ’ਚ ਅਪਮਾਨ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਖੋਟਾ ਬਣਾਇਆ ਹੋਇਆ ਹੈ। ਪਾਰਟੀ ਵੱਲੋਂ ਉਨ੍ਹਾਂ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਗਿਆ ਹੈ ਤਾਂ ਫਿਰ ਪਾਰਟੀ ’ਚ ਉਨ੍ਹਾਂ ਦਾ ਅਪਮਾਨ ਕਿਵੇਂ ਹੋ ਸਕਦਾ ਹੈ। ਹਰੀਸ਼ ਰਾਵਤ ਨੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਹਰ ਗੱਲਾਂ ਨੂੰ ਮੰਨਿਆ ਹੈ। ਕੈਪਟਨ ਨਾਲ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਮਾਣਹਾਣੀ ਵਾਲਾ ਸਲੂਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਸੋਨੀਆ ਗਾਂਧੀ ਦੇ ਨਾਲ ਖੜ੍ਹੇ ਹੋਣ ਦਾ ਸੀ ਅਤੇ ਸੰਕਟ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਖ ਹੋਏ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਪੁੱਜੇ ਪਰਗਟ ਸਿੰਘ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਸੀ. ਐੱਲ. ਪੀ. ਦੀ ਮੀਟਿੰਗ ’ਚ ਜਾਣ ਲਈ 3 ਵਾਰ ਕੈਪਟਨ ਨਾਲ ਹੋਈ ਸੀ ਗੱਲ
ਕੈਪਟਨ ਦੇ ਅਸਤੀਫ਼ਾ ਦੇਣ ਵਾਲੇ ਦਿਨ ਬੁਲਾਈ ਗਈ ਵਿਧਾਇਕ ਦਲ ਦੀ ਮੀਟਿੰਗ ਸਬੰਧੀ ਬੋਲਦੇ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਸੋਚ ਸਮਝ ਕੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ ਅਤੇ ਇਸ ਬੈਠਕ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮੀਟਿੰਗ ’ਚ ਲਿਜਾਣ ਲਈ ਕੈਪਟਨ ਨਾਲ ਤਿੰਨ ਵਾਰ ਗੱਲਬਾਤ ਵੀ ਕੀਤੀ ਗਈ ਪਰ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੀ ਮੀਟਿੰਗ ’ਚ ਆਉਣ ਤੋਂ ਸਿੱਧੇ ਤੌਰ ’ਤੇ ਇਨਕਾਰ ਕਰ ਦਿੱਤਾ ਸੀ। 

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਿਤ ਸ਼ਾਹ ਨਾਲ ਕੀਤੀ ਗਈ ਮੁਲਾਕਾਤ ’ਤੇ ਬੋਲਦੇ ਹੋਏ ਕਿਹਾ ਕਿ ਭਾਜਪਾ ਨਾਲ ਕੈਪਟਨ ਦੀ ਨੇੜਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਠੀਕ ਨਹੀਂ ਹਨ। ਨਜ਼ਰੀਆ ਅਜਿਹਾ ਬਣਿਆ ਸੀ ਕਿ ਕੈਪਟਨ ਅਕਾਲੀਆਂ ਦੇ ਨਜ਼ਦੀਕੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਕਿਸਾਨ ਵਿਰੋਧੀ ਭਾਜਪਾ ਦੇ ਮਦਦਗਾਰ ਨਾ ਬਣਨ।
ਇਹ ਵੀ ਪੜ੍ਹੋ : ਕਾਂਗਰਸ ਛੱਡਣ ਦੇ ਐਲਾਨ ਮਗਰੋਂ ਬਦਲਣ ਲੱਗਾ 'ਕੈਪਟਨ' ਦੀ ਪੱਗ ਦਾ ਰੰਗ
ਕੈਪਟਨ ਨੇ ਬੇਅਦਬੀ ਤੇ ਮਾਈਨਿੰਗ ਕੇਸ ’ਚ ਕੋਈ ਕਦਮ ਨਹੀਂ ਚੁੱਕੇ 
ਉਥੇ ਹੀ ਬੇਅਦਬੀ ਦੇ ਮੁੱਦੇ ’ਤੇ ਕੈਪਟਨ ਦੀ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਨੇ ਬੇਅਦਬੀ ਅਤੇ ਮਾਈਨਿੰਗ ਕੇਸ ’ਚ ਕੋਈ ਵੀ ਠੀਕ ਕਦਮ ਨਹੀਂ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹਾਈਕਮਾਨ ਦਾ ਇਕ ਇਤਿਹਾਸਕ ਫ਼ੈਸਲਾ ਹੈ ਅਤੇ ਅਗਲੇ ਆਉਣ ਵਾਲੇ ਦਿਨਾਂ ’ਚ ਬਰਗਾੜੀ ਕੇਸ ’ਚ ਵੱਡੀ ਕਾਰਵਾਈ ਹੋਣ ਦੀ ਵੀ ਗੱਲ ਕਹੀ। ਬਿਜਲੀ ਦੇ ਮੁੱਦੇ ’ਤੇ ਹਰੀਸ਼ ਰਾਵਤ ਨੇ ਬੋਲਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਖ਼ੁਸ਼ਖਬਰੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ : 'ਵੇਟ ਐਂਡ ਵਾਚ' ਦੀ ਪਾਲਿਸੀ: ਕੈਪਟਨ ਨੂੰ ਬੋਚਣ ਲਈ ਇੰਨੀ ਵੀ ਬੇਤਾਬ ਨਹੀਂ ਹੈ ਭਾਜਪਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            