ਕਾਂਗਰਸ ਦਾ ਕਲੇਸ਼ ਹਲ ਕਰਵਾਉਣ ਆਏ ਰਾਵਤ ਖ਼ੁਦ ਵਿਵਾਦ 'ਚ ਫਸੇ, ਸਿੱਧੂ ਤੇ ਟੀਮ ਦੀ 5 ਪਿਆਰਿਆਂ ਨਾਲ ਕੀਤੀ ਤੁਲਨਾ
Wednesday, Sep 01, 2021 - 01:08 PM (IST)
ਚੰਡੀਗੜ੍ਹ (ਅਸ਼ਵਨੀ)- ਪੰਜਾਬ ਕਾਂਗਰਸ ਦਾ ਵਿਵਾਦ ਸੁਲਝਾਉਣ ਚੰਡੀਗੜ੍ਹ ਪੁੱਜੇ ਹਰੀਸ਼ ਰਾਵਤ ਖ਼ੁਦ ਇਕ ਵਿਵਾਦ ਵਿਚ ਉਲਝ ਗਏ ਹਨ। ਮੰਗਲਵਾਰ ਨੂੰ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਅਤੇ 4 ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ 5 ਪਿਆਰਿਆਂ ਨਾਲ ਕਰ ਦਿੱਤੀ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭੌਂਹਾਂ ਤਾਣ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਹਰੀਸ਼ ਰਾਵਤ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਦਰਅਸਲ, ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਦੇਰ ਸ਼ਾਮ ਪੰਜਾਬ ਕਾਂਗਰਸ ਭਵਨ ਵਿਚ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਬੈਠਕ ਦੌਰਾਨ ਸੰਗਠਨ ’ਤੇ ਚਰਚਾ ਹੋਈ ਕਿਉਂਕਿ ਸੰਗਠਨ ਦਾ ਢਾਂਚਾ ਬਣਨਾ ਹੈ। ਕੰਮ ਤਕਸੀਮ ਹੋਣਾ ਹੈ। ਚੋਣਾਂ ਦੀ ਦਸਤਕ ਨਜ਼ਦੀਕ ਹੈ। ਚੋਣਾਂ ਨੂੰ ਲੈ ਕੇ ਵੀ ਕੁਝ ਕਮੇਟੀਆਂ ਵੀ ਬਣਨੀਆਂ ਹਨ। ਮੇਰਾ ਫਰਜ਼ ਸੀ ਕਿ ਮੈਂ ਪ੍ਰਧਾਨ ਨਾਲ ਅਤੇ ਉਨ੍ਹਾਂ ਦੀ ਟੀਮ ਨਾਲ, ਜੋ ਸਾਡੇ ਪੰਜ ਪਿਆਰੇ ਹਨ। 5 ਲੋਕ ਹਨ, ਉਨ੍ਹਾਂ ਨਾਲ ਵਿਚਾਰ-ਚਰਚਾ ਕਰਾਂ। ਸਿੱਧੂ ਦਾ ਅਹਿਸਾਨਮੰਦ ਹਾਂ ਕਿ ਉਨ੍ਹਾਂ ਨੇ ਅਗਲੇ 15 ਦਿਨਾਂ ਵਿਚ ਪੂਰੇ ਪ੍ਰੋਸੈੱਸ ਨੂੰ ਗੀਅਰਅਪ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: SFJ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਪੰਨੂ ਖ਼ਿਲਾਫ਼ ਐੱਫ.ਆਈ.ਆਰ. ਦਰਜ
ਇਸ ਬਿਆਨ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਕਿਹਾ ਕਿ ਉਨ੍ਹਾਂ ਦੀ 5 ਪਿਆਰਿਆਂ ਦੇ ਨਾਲ ਬੈਠਕ ਹੋਈ ਹੈ। ਸਿੱਖ ਧਰਮ ਵਿਚ 5 ਪਿਆਰਿਆਂ ਦਾ ਬਹੁਤ ਵੱਡਾ ਰੁਤਬਾ ਹੈ। ਗੁਰੂ ਮਹਾਰਾਜ ਨੇ ਸਿਰ ਲੈ ਕੇ 5 ਪਿਆਰਿਆਂ ਦੀ ਉਪਾਧੀ ਦਿੱਤੀ ਸੀ, ਇਸ ਲਈ ਹਰੀਸ਼ ਰਾਵਤ ਨੂੰ ਬੇਨਤੀ ਹੈ ਕਿ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ। ਨੇਤਾਵਾਂ ਨੂੰ ਖ਼ੁਸ਼ ਕਰਨ ਲਈ ਇਸ ਤਰ੍ਹਾਂ ਦੇ ਤਖਲੁਸ ਦਾ ਇਸਤੇਮਾਲ ਕਰਨਾ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਹੈ। ਹਰੀਸ਼ ਰਾਵਤ ਨੂੰ ਤੁਰੰਤ ਇਹ ਲਫ਼ਜ਼ ਵਾਪਸ ਲੈਣੇ ਚਾਹੀਦੇ ਹਨ ਅਤੇ ਸਾਰੀ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਗੋਲ਼ੀਆਂ ਨਾਲ ਭੁੰਨਿਆ ਨੌਜਵਾਨ, ਖੇਤਾਂ ’ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਵਿਵਾਦ ਹੱਲ ਕਰਾਂਗਾ, ਬੋਲੇ ਰਾਵਤ, ਤਿੰਨ ਦਿਨਾਂ ਦੇ ਦੌਰੇ ’ਤੇ ਪੁੱਜੇ ਚੰਡੀਗੜ੍ਹ
ਇਸ ਵਿਵਾਦਿਤ ਬਿਆਨ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਦੂਜੇ ਪੜਾਅ ਦੇ ਘਮਾਸਾਨ ਨੂੰ ਨਜਿੱਠਣ ਲਈ ਮੰਗਲਵਾਰ ਦੁਪਹਿਰ ਬਾਅਦ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਪੁੱਜੇ। ਪੰਜਾਬ ਭਵਨ ਪੁੱਜਦੇ ਹੀ ਹਰੀਸ਼ ਰਾਵਤ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਥੋੜ੍ਹਾ-ਬਹੁਤ ਵਿਵਾਦ ਹੈ, ਉਸ ਨੂੰ ਹੱਲ ਕਰਾਂਗਾ। ਕੈਪਟਨ ਕੈਂਪ ਅਤੇ ਸਿੱਧੂ ਕੈਂਪ ਵਿਚ ਵੰਡੀ ਪੰਜਾਬ ਕਾਂਗਰਸ ਦੀ ਧੜੇਬਾਜ਼ੀ ’ਤੇ ਹਰੀਸ਼ ਰਾਵਤ ਨੇ ਕਿਹਾ ਕਿ ਉਹ ਸਿਰਫ਼ ਇਕ ਹੀ ਕੈਂਪ ਨੂੰ ਜਾਣਦੇ ਹੈ ਅਤੇ ਉਹ ਕਾਂਗਰਸ ਕੈਂਪ ਹੈ। ਹਰੀਸ਼ ਰਾਵਤ ਨੇ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਦੇ ਬਿਆਨ ’ਤੇ ਵੀ ਪ੍ਰਤੀਕਿਰਿਆ ਦਿੱਤੀ, ਜੋ ਹਰੀਸ਼ ਰਾਵਤ ਨੂੰ ਬਿਆਨਬਾਜ਼ੀ ਤੋਂ ਗੁਰੇਜ ਕਰਨ ਦੀ ਸਲਾਹ ਦੇ ਰਹੇ ਹਨ। ਰਾਵਤ ਨੇ ਕਿਹਾ ਕਿ ਉਹ ਸਭ ਦੀ ਸਲਾਹ ਮੰਨ ਲੈਣਗੇ ਪਰ ਉਨ੍ਹਾਂ ਦੀ ਵੀ ਇਕ ਸਲਾਹ ਹੈ ਕਿ ਜੋ ਵੀ ਨੇਤਾ ਗੱਲ ਕਰਨ, ਉਹ ਜਨਤਕ ਬਿਆਨਬਾਜ਼ੀ ਦੀ ਬਜਾਏ ਸਿੱਧੇ ਪਾਰਟੀ ਪਲੇਟਫਾਰਮ ’ਤੇ ਕਰਨ। ਰਾਵਤ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਚ ਅਗਲੇ ਦੋ ਦਿਨਾਂ ਤੱਕ ਹਨ, ਜੋ ਕੋਈ ਗੱਲ ਕਹਿਣਾ ਚਾਹੁੰਦਾ ਹੈ, ਉਹ ਕਹਿ ਸਕਦਾ ਹੈ ਅਤੇ ਜੇਕਰ ਕਿਸੇ ਨੇ ਉਨ੍ਹਾਂ ਨੂੰ ਗੱਲ ਨਹੀਂ ਕਹਿਣੀ ਹੈ ਤਾਂ ਦਿੱਲੀ ਵਿਚ ਹਾਈਕਮਾਨ ਨਾਲ ਗੱਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਿਮਰਨਜੀਤ ਸਿੰਘ ਮਾਨ ਦਾ ਬੀਬੀ ਜਗੀਰ ਕੌਰ ਨੂੰ ਵੱਡਾ ਸਵਾਲ
ਰਾਵਤ ਨੇ ਸਿੱਧੂ ਦੇ ਇੱਟ ਨਾਲ ਇੱਟ ਵਜਾਉਣ ਵਾਲੇ ਬਿਆਨ ’ਤੇ ਕਿਹਾ ਕਿ ਸਿੱਧੂ ਦੇ ਬਿਆਨ ਨੂੰ ਉਨ੍ਹਾਂ ਨੇ ਸਿਰਫ਼ ਵਿਰੋਧੀਆਂ ਦੀ ‘ਇੱਟ ਨਾਲ ਇੱਟ’ ਵਜਾਉਣ ਵਾਲੇ ਅੰਦਾਜ਼ ਦੇ ਤੌਰ ’ਤੇ ਸਮਝਿਆ ਹੈ। ਰਾਵਤ ਨੇ ਕਿਹਾ ਕਿ ਇਹ ਕਹਿਣਾ ਕਿ ਕਾਂਗਰਸ ਵਿਚ ਧੜੇਬਾਜ਼ੀ ਹੈ, ਗਲਤ ਹੈ, ਪੰਜਾਬ ਵਿਚ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ। ਮੈਂ ਛੇਤੀ ਹੀ ਸਾਰੇ ਪੱਖਾਂ ਨਾਲ ਮੁਲਾਕਾਤ ਕਰਕੇ ਸਾਰਿਆਂ ਦੀ ਗੱਲ ਸੁਣ ਲਵਾਂਗਾ ਅਤੇ ਸਾਰਿਆਂ ਦੀ ਰਾਏ ਵੀ ਜਾਣਾਗਾ। ਹਰ ਪਰਿਵਾਰ ਵਿਚ ਕਦੇ ਨਾ ਕਦੇ ਕੁੱਝ ਮਤਭੇਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਸੁਲਝਾ ਲਿਆ ਜਾਂਦਾ ਹੈ। ਅਜਿਹਾ ਹੀ ਹੁਣ ਵੀ ਹੋਵੇਗਾ, ਇਸ ਲਈ ਮੈਂ ਇੱਥੇ ਆ ਗਿਆ ਹਾਂ।
ਹੈਲੀਕਾਪਟਰ ਰਾਹੀਂ ਪੁੱਜੇ ਚੰਡੀਗੜ੍
ਹਰੀਸ਼ ਰਾਵਤ ਮੰਗਲਵਾਰ ਨੂੰ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਖੇਡ ਮੰਤਰੀ ਮੌਜੂਦ ਸਨ। ਰਾਵਤ ਪੰਜਾਬ ਭਵਨ ਵਿਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਜਨਰਲ ਸਕੱਤਰ ਪਰਗਟ ਸਿੰਘ ਨਾਲ ਪੁੱਜੇ। ਇਸ ਦੌਰਾਨ ਰਾਵਤ ਨੇ ਕਿਹਾ ਕਿ ਉਹ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਮੀਟਿੰਗ ਕਰਨਗੇ, ਉਸ ਤੋਂ ਬਾਅਦ ਹੋਰ ਨਾਲ ਗੱਲ ਕੀਤੀ ਜਾਵੇਗੀ। ਜ਼ਰੂਰਤ ਪਈ ਤਾਂ ਸਾਰਿਆਂ ਨੂੰ ਨਾਲ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੇ ਤਹਿਤ ਉਹ ਦੇਰ ਸ਼ਾਮ ਪੰਜਾਬ ਕਾਂਗਰਸ ਭਵਨ ਲਈ ਰਵਾਨਾ ਹੋ ਗਏ।
ਪੰਜਾਬ ਕਾਂਗਰਸ ਭਵਨ ਵਿਚ ਕਰੀਬ ਡੇਢ ਘੰਟੇ ਚੱਲੀ ਬੈਠਕ
ਪੰਜਾਬ ਭਵਨ ਵਿਚ ਰਾਣਾ ਗੁਰਮੀਤ ਸੋਢੀ ਨੂੰ ਛੱਡ ਕੇ ਹਰੀਸ਼ ਰਾਵਤ, ਕੁਲਜੀਤ ਨਾਗਰਾ, ਪਰਗਟ ਸਿੰਘ ਇਕ ਹੀ ਗੱਡੀ ਵਿਚ ਪੰਜਾਬ ਕਾਂਗਰਸ ਭਵਨ ਪੁੱਜੇ। ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਕਾਂਗਰਸ ਭਵਨ ਵਿਚ ਮੌਜੂਦ ਸਨ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਵੀ ਮੌਜੂਦ ਸਨ। ਇੱਥੇ ਸਾਰਿਆਂ ਨੇ ਰਾਵਤ ਦੇ ਨਾਲ ਕਰੀਬ ਡੇਢ ਘੰਟੇ ਤੱਕ ਮੰਥਨ ਕੀਤਾ। ਬੈਠਕ ਤੋਂ ਬਾਅਦ ਰਾਵਤ ਨੇ ਕਿਹਾ ਕਿ ਬੈਠਕ ਦੌਰਾਨ ਪੰਜਾਬ ਵਿਚ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਸਲਾਹ-ਮਸ਼ਵਰਾ ਕੀਤਾ ਗਿਆ।
ਅੱਜ ਮੁੱਖ ਮੰਤਰੀ ਨਾਲ ਹੋ ਸਕਦੀ ਹੈ ਮੁਲਾਕਾਤ
ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹਰੀਸ਼ ਰਾਵਤ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਇਹ ਮੁਲਾਕਾਤ ਕਿੰਨੇ ਵਜੇ ਹੋਵੇਗੀ, ਇਸ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਬੁੱਧਵਾਰ ਸਵੇਰੇ ਉਹ ਮੁੱਖ ਮੰਤਰੀ ਦੇ ਰੁਝੇਵਿਆਂ ਦੇ ਵਿਚ ਕੁਝ ਸਮੇਂ ਲਈ ਮੁਲਾਕਾਤ ਕਰਨਗੇ।
ਤਖ਼ਤਾਪਲਟ ਦਾ ਐਲਾਨ ਕਰਨ ਵਾਲੇ ਮੰਤਰੀਆਂ ਨੂੰ ਨਹੀਂ ਮਿਲੇ ਰਾਵਤ
ਚੰਡੀਗੜ੍ਹ ਪੁੱਜੇ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਕੈਪਟਨ ਸਰਕਾਰ ਦਾ ਤਖ਼ਤਾਪਲਟ ਕਰਨ ਵਾਲੇ ਮੰਤਰੀਆਂ ਨਾਲ ਮੁਲਾਕਾਤ ਨਹੀਂ ਕੀਤੀ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਦਵਾਈ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਤੋੜਿਆ ਦਮ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।