''ਨਵਜੋਤ ਸਿੱਧੂ'' ਨੂੰ ਅਹੁਦਾ ਦੇਣ ਬਾਰੇ ਹਰੀਸ਼ ਰਾਵਤ ਦਾ ਵੱਡਾ ਬਿਆਨ ਆਇਆ ਸਾਹਮਣੇ, ਆਖੀ ਇਹ ਗੱਲ
Tuesday, Feb 23, 2021 - 11:08 AM (IST)
ਚੰਡੀਗੜ੍ਹ (ਅਸ਼ਵਨੀ) : ਲੰਬੇ ਸਮੇਂ ਤੋਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸਰਾਈਆਂ 'ਤੇ ਹੁਣ ਰੋਕ ਲੱਗ ਸਕਦੀ ਹੈ ਕਿਉਂਕਿ ਬਜਟ ਇਜਲਾਸ ਤੋਂ ਬਾਅਦ ਕਾਂਗਰਸ ਹਾਈਕਮਾਨ ਸਿੱਧੂ 'ਤੇ ਫ਼ੈਸਲਾ ਲੈ ਸਕਦੀ ਹੈ। ਇਸ ਦੌਰਾਨ ਚੰਡੀਗੜ੍ਹ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਤੈਅ ਹੋ ਜਾਵੇਗਾ ਕਿ ਸਿੱਧੂ ਰਾਸ਼ਟਰੀ ਪੱਧਰ 'ਤੇ ਪਾਰਟੀ ਲਈ ਕੰਮ ਕਰਨਗੇ ਜਾਂ ਫਿਰ ਸੂਬਾ ਪੱਧਰ 'ਤੇ ਕੋਈ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਨੇ ਕਿਹਾ ਕਿ ਖ਼ੁਦ ਸਿੱਧੂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਰਾਹੁਲ ਗਾਂਧੀ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣਗੇ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗੀ। ਜਿੱਥੇ ਤੱਕ ਪੰਜਾਬ ਮੰਤਰੀ ਮੰਡਲ 'ਚ ਮੁੜ ਵਾਪਸੀ ਦਾ ਸਵਾਲ ਹੈ ਤਾਂ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨਾ ਚਾਹੁੰਦੇ ਹਨ ਪਰ ਕਿਸੇ ਕਾਰਨ ਕਰਕੇ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਪੰਜਾਬ ਸਰਕਾਰ ਮੁਫ਼ਤ ਦੇਵੇਗੀ ਇਹ ਸਹੂਲਤ, ਇੰਝ ਕਰੋ ਅਪਲਾਈ
ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਕੈਪਟਨ ਅਤੇ ਸਿੱਧੂ ਵਿਚਕਾਰ ਚੰਗੇ ਮਾਹੌਲ ਦੌਰਾਨ ਗੱਲਬਾਤ ਹੋਈ ਸੀ ਅਤੇ ਕੈਪਟਨ ਨੇ ਮੁਲਾਕਾਤ ਲਈ ਸਿੱਧੂ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਵਿਧਾਨ ਸਭਾ 'ਚ ਵੀ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ ਸਿੱਧੂ ਨੇ ਕੈਪਟਨ ਦਾ ਸਮਰਥਨ ਕੀਤਾ ਸੀ। ਨਾਲ ਹੀ ਦਿੱਲੀ 'ਚ ਵੀ ਕਾਂਗਰਸ ਵਿਰੋਧ ਮਾਰਚ 'ਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਕੇ ਸਿੱਧੂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਤੋਂ ਬਾਅਦ ਸੰਭਾਵਨਾ ਬਣੀ ਸੀ ਕਿ ਜਲਦੀ ਹੀ ਸਿੱਧੂ ਮੰਤਰੀ ਮੰਡਲ 'ਚ ਵਾਪਸੀ ਕਰ ਸਕਦੇ ਹਨ ਪਰ ਦੋਹਾਂ ਆਗੂਆਂ ਵਿਚਕਾਰ ਕਿਸੇ ਬੈਠਕ ਦਾ ਸਬੱਬ ਨਹੀਂ ਬਣ ਸਕਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਬਜਟ ਇਜਲਾਸ ਤੋਂ ਬਾਅਦ ਸਾਰੇ ਹਾਲਾਤ ਸਪੱਸ਼ਟ ਹੋ ਜਾਣਗੇ।
ਇਹ ਵੀ ਪੜ੍ਹੋ : ਜਗਰਾਓਂ 'ਚ 2 ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ, ਅੱਗ ਲੱਗਣ ਕਾਰਨ ਡਰਾਈਵਰ ਦੀ ਮੌਤ
ਸਿੱਧੂ ਦੀ ਸਮਰੱਥਾ ਦੇ ਹਿਸਾਬ ਨਾਲ ਹੋਵੇਗਾ ਫ਼ੈਸਲਾ
ਹਰੀਸ਼ ਰਾਵਤ ਨੇ ਸਪੱਸ਼ਟ ਕੀਤਾ ਕਿ ਸਿੱਧੂ 'ਤੇ ਜੋ ਵੀ ਫ਼ੈਸਲਾ ਹੋਵੇਗਾ, ਉਹ ਉਨ੍ਹਾਂ ਦੀ ਸਮਰੱਥਾ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਵੇਗਾ। ਨਾਲ ਹੀ ਫ਼ੈਸਲੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਆਸ਼ੀਰਵਾਦ ਅਤੇ ਉਨ੍ਹਾਂ ਦਾ ਹੱਥ ਦਿਖਾਈ ਦੇਣਾ ਲਾਜ਼ਮੀ ਹੈ ਕਿਉਂਕਿ ਇਹ ਪੰਜਾਬ ਅਤੇ ਕਾਂਗਰਸ ਦੋਹਾਂ ਦੇ ਹਿੱਤ 'ਚ ਰਹੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮਜ਼ਬੂਤ ਥੰਮ ਅਤੇ ਪਾਰਟੀ 'ਚ ਬਹੁਤ ਮਹੱਤਵਪੂਰਨ ਵਿਅਕਤੀ ਹਨ।
ਇਹ ਵੀ ਪੜ੍ਹੋ : ਬਜਟ ਇਜਲਾਸ ਮਗਰੋਂ ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੀ ਤਿਆਰੀ, 'ਨਵਜੋਤ ਸਿੱਧੂ' ਨੂੰ ਮਿਲ ਸਕਦੈ ਅਹਿਮ ਅਹੁਦਾ
ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਦੀ ਇੱਛਾ ਕੋਰੀ ਅਫ਼ਵਾਹ
ਰਾਵਤ ਨੇ ਕਿਹਾ ਕਿ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨਾ ਚਾਹੁੰਦੇ ਹਨ, ਇਹ ਸਿਰਫ ਇਕ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਿਸੇ ਵੀ ਬੈਠਕ 'ਚ ਅਜਿਹੀ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ 'ਤੇ ਸੁਨੀਲ ਜਾਖੜ ਵਧੀਆ ਕੰਮ ਕਰ ਰਹੇ ਹਨ। ਜਾਖੜ ਬਹੁਤ ਹੀ ਸਮਝਦਾਰ ਅਤੇ ਜਾਂਬਾਜ਼ ਆਗੂ ਹਨ। ਉਨ੍ਹਾਂ ਨੂੰ ਪਾਰਟੀ ਨੇ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਨ੍ਹਾਂ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਸਥਾਨਕ ਚੋਣਾਂ 'ਚ ਮਿਲੀ ਸਫਲਤਾ 'ਚ ਵੀ ਜਾਖੜ ਦਾ ਅਹਿਮ ਯੋਗਦਾਨ ਹੈ।
ਨੋਟ : ਨਵਜੋਤ ਸਿੱਧੂ ਬਾਰੇ ਹਰੀਸ਼ ਰਾਵਤ ਦੇ ਬਿਆਨ ਸੰਬਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ