ਹਰੀਕੇ ਹੈੱਡ ਨੇੜੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ, ਪਾਣੀ ਦਾ ਪੱਧਰ ਘਟਿਆ

Tuesday, Aug 22, 2023 - 04:48 PM (IST)

ਹਰੀਕੇ ਹੈੱਡ ਨੇੜੇ ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ, ਪਾਣੀ ਦਾ ਪੱਧਰ ਘਟਿਆ

ਹਰੀਕੇ ਪੱਤਣ (ਲਵਲੀ) : ਕੁਝ ਦਿਨ ਪਹਿਲਾਂ ਹਰੀਕੇ ਹੈਡ ਵਰਕਸ ਤੋਂ 2 ਲੱਖ 84 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਹਰੀਕੇ ਹੈੱਡ ਦੇ ਨੇੜੇ ਲੱਗਦੇ ਪਿੰਡ ਘੜ੍ਹੰਮ ਅਤੇ ਸਭਰਾ ਵਿਚਕਾਰ ਦੀ ਹੱਦ ਵਿਚ ਧੁੱਸੀ ਬੰਨ੍ਹ ਨੂੰ ਪਾੜ ਪੈ ਗਿਆ ਜਿਸ ਕਾਰਨ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਬੰਨ੍ਹ ਵਿਚ ਪਏ ਪਾੜ ਨੂੰ ਭਰਨ ਲਈ ਦਿਨ ਰਾਤ ਜੰਗੀ ਪੱਧਰ ’ਤੇ ਕੰਮ ਜਾਰੀ ਹੈ, ਇਸ ਪਾੜ ਭਰਨ 'ਚ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਲੱਗੇ ਹੋਏ ਹਨ, ਉਥੇ ਹੀ ਇਲਾਕੇ ਦੀਆਂ ਸੰਗਤਾਂ ਵੱਲੋਂ ਮੋਹਰੀ ਹੋ ਕੇ ਆਪਣਾ ਹਿੱਸਾ ਪਾਇਆ ਜਾ ਰਿਹਾ ਹੈ। ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਆਪ ਖੁਦ ਇਸ ਬੰਨ੍ਹ ’ਤੇ ਮੋਰਚਾ ਸੰਭਾਲੀ ਬੈਠੇ ਹਨ, ਜਿਸ ਕਾਰਨ ਸੰਗਤਾਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਭਰਨ ਦੇ ਕੰਮ ਦੀ ਵੀ ਲਗਾਤਾਰ ਮੌਕੇ ’ਤੇ ਜਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ। 

ਇਸ ਮੌਕੇ ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਵੱਲੋਂ ਧੁੱਸੀ ਬੰਨ੍ਹ ’ਤੇ ਖੁਦ ਹੱਥੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾੜ ਨੂੰ ਪੂਰਨ ਲਈ ਜੰਗੀ ਪੱਧਰ 'ਤੇ ਦਿਨ ਰਾਤ ਸੇਵਾ ਚੱਲ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਰੀਆਂ, ਲੋਹੇ ਦੇ ਜਾਲ ਅਤੇ ਮਿੱਟੀ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕਿਸਾਨਾਂ ਵੱਲੋਂ ਮਿੱਟੀ ਦੀਆਂ ਟਰਾਲੀਆਂ ਵੀ ਮੌਕੇ ’ਤੇ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰਾਂ ਦੇ ਨਾਲ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਇਲਾਕੇ ਦੇ ਨੌਜਵਾਨ ਵੀ ਪੂਰੇ ਜੋਸ਼ ਨਾਲ ਪਾੜ ਨੂੰ ਭਰਨ ਵਿਚ ਲੱਗੇ ਹੋਏ ਹਨ। ਜਲਦ ਹੀ ਇਸ ਨੂੰ ਪੂਰ ਦਿੱਤਾ ਜਾਵੇਗਾ। ਇਸ ਮੌਕੇ ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਹੋਰ ਘੱਟ ਗਿਆ।

ਹਰੀਕੇ ਹੈਡ ਵਰਕਸ ਦੇ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਦਾ ਪਾਣੀ ਪੱਧਰ ਕੱਲ 21 ਅਗਸਤ ਨੂੰ 181833 ਕਿਊਸਿਕ ਸੀ ਜਦ ਘੱਟ ਕੇ 178445 ਕਿਊਸਿਕ ਰਹਿ ਗਿਆ ਹੈ ਜਦਕਿ ਡਾਊਨ ਸਟਰੀਮ ਨੂੰ ਕੱਲ 21 ਅਗਸਤ 161671 ਕਿਊਸਿਕ ਸੀ ਘੱਟ ਕਿ 157667 ਕਿਊਸਿਕ ਰਹਿ ਗਿਆ ਹੈ ਜਦ ਕਿ ਫਿਰੋਜ਼ਪੁਰ ਫੀਡਰ ਨੂੰ 6833 ਕਿਊਸਿਕ, ਰਾਜਸਥਾਨ ਫੀਡਰ ਨੂੰ 13229 ਕਿਊਸਕਿ, ਮੱਖੂ ਕਨਾਲ ਨੂੰ 100 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਰੀਕੇ ਦੋ ਦਿਨਾਂ ਤੋਂ ਪਾਣੀ ਦਾ ਪੱਧਰ ਘੱਟ ਰਿਹਾ ਹੈ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ, ਗੁਰਲਾਲ ਸਿੰਘ ਧਾਰੀਵਾਲ, ਸਿਕੰਦਰ ਸਿੰਘ ਟੱਰਕ ਯੂਨੀਅਨ ਪ੍ਰਧਾਨ ਪੱਟੀ,ਬਿੱਕਰ ਸਿੰਘ ਭੰਗਾਲੀਆਂ, ਦਲੇਰ ਸਿੰਘ ਦੁੱਬਲੀ ਆੜ੍ਹਤੀ ਪ੍ਰਧਾਨ, ਬਲਾਕ ਪ੍ਰਧਾਨ ਅਵਤਾਰ ਸਿੰਘ, ਸਰਦੂਲ ਸਿੰਘ ਸਰਪੰਚ ਸਭਰਾ, ਲਵਪ੍ਰੀਤ ਸਿੰਘ ਸਭਰਾ, ਜਸਪਾਲ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਗੋਰਾ, ਜਸਪਾਲ ਸਿੰਘ ਪ੍ਰਧਾਨ, ਗੋਰਾ ਜੋਤੀਸ਼ਾਹ, ਮੋਹਰ ਸਿੰਘ ਹਰੀਕੇ, ਕਾਕਾ ਠੇਕੇਦਾਰ ਹਰੀਕੇ, ਪ੍ਰਗਟ ਸਿੰਘ, ਗੁਲਸ਼ਾਨ ਮਲਹੋਤਰਾਂ, ਸੋਹਣ ਸਿੰਘ ਜੋੜ ਸਿੰਘ ਵਾਲਾ, ਜੁਗਰਾਜ ਸਿੰਘ ਤੁੰਗ, ਸਰਵਨ ਸਿੰਘ ਤੁੰਗ ਆਦਿ ਹ੍ਹੜ ਪ੍ਰਭਾਵਿਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। 


author

Gurminder Singh

Content Editor

Related News