ਹਰਚਰਨ ਬੈਂਸ ਨੇ ਫੇਸਬੁੱਕ 'ਤੇ ਪਾਈ ਪੋਸਟ ਬਾਰੇ ਦਿੱਤਾ ਸਪੱਸ਼ਟੀਕਰਨ, ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕਹੀ ਇਹ ਗੱਲ
Wednesday, Nov 23, 2022 - 10:50 PM (IST)
ਚੰਡੀਗੜ੍ਹ (ਬਿਊਰੋ) : ਲੱਗਭਗ 4 ਦਹਾਕਿਆਂ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਕਰੀਬੀ ਤੇ ਵਿਸ਼ਵਾਸਪਾਤਰ ਵਜੋਂ ਮੰਨੇ ਜਾਂਦੇ ਉਨ੍ਹਾਂ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਵੱਲੋਂ ਕੱਲ੍ਹ ਫੇਸਬੁੱਕ 'ਤੇ ਪਾਈ ਇਕ ਪੋਸਟ ਰਾਹੀਂ ਮਚਾਈ ਵੱਡੀ ਸਿਆਸੀ ਤਰਥੱਲੀ 'ਤੇ ਰੋਕ ਲਾਉਂਦਿਆਂ ਅੱਜ ਬੈਂਸ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਮੇਰੇ ਆਖਰੀ ਸਾਹਾਂ ਤੱਕ ਮੇਰਾ ਰੋਮ-ਰੋਮ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਹੈ। ਉਨ੍ਹਾਂ ਸਾਫ਼ ਕੀਤਾ ਕਿ ਫੇਸਬੁੱਕ ਦੀ ਪੋਸਟ ਗੁਰਬਾਣੀ ਅਨੁਸਾਰ ਹਉਮੈ ਦੀ ਗੁਲਾਮੀ ਤੋਂ ਮੁਕਤੀ ਨਾਲ ਸਬੰਧਿਤ ਸੀ। "ਮੈਂ ਫੇਸਬੁੱਕ 'ਤੇ ਕਦੇ ਵੀ ਸਿਆਸੀ ਪੋਸਟ ਪਾਉਂਦਾ ਹੀ ਨਹੀਂ। ਇਹ ਪੋਸਟ ਨਿੱਜ ਤੋਂ ਉੱਪਰ ਉੱਠਣ ਦੀ ਰੂਹਾਨੀ ਤਾਂਘ ਬਾਰੇ ਸੀ।"
ਇਹ ਵੀ ਪੜ੍ਹੋ : AIIMS ਦਿੱਲੀ ਦਾ ਸਰਵਰ ਡਾਊਨ, PM ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਦਾ ਮੈਡੀਕਲ ਰਿਕਾਰਡ ਮੌਜੂਦ
ਅੱਜ ਸ਼ਾਮੀਂ ਇਕ ਬਿਆਨ ਰਾਹੀ ਬੈਂਸ ਨੇ ਕਿਹਾ ਬਾਦਲ ਹੋਰਾਂ ਨਾਲ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਨਿਸ਼ਕਾਮ ਤੇ ਰੂਹਾਨੀ ਰਿਸ਼ਤਾ ਹੈ ਤੇ ਇਸ ਦਾ ਵੱਡਾ ਕਾਰਨ ਸ. ਬਾਦਲ ਦੇ ਹਿਰਦੇ ਦੀ ਵਿਸ਼ਾਲਤਾ, ਹਲੀਮੀ ਅਤੇ ਉਨ੍ਹਾਂ ਦੀ ਸ਼ਖਸੀਅਤ ਦੀ ਖੁਸ਼ਬੂ ਹੈ। ਉਨ੍ਹਾਂ ਕਿਹਾ ਕਿ ਉਹ ਵਿਚਾਰਧਾਰਕ ਅਤੇ ਜਜ਼ਬਾਤੀ ਗਹਿਰਾਈ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਇਸ ਨੂੰ ਖ਼ਾਲਸਾ ਪੰਥ ਅਤੇ ਪੰਜਾਬ ਦੀ ਫ਼ੌਜ ਤੇ ਹਰਿਆਵਲ ਦਸਤਾ ਮੰਨ ਕੇ ਇਸ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਹੋ ਰਹੇ ਹਮਲੇ ਇਕ ਗਹਿਰੀ ਵਿਆਪਕ ਸਾਜ਼ਿਸ਼ ਦਾ ਹਿੱਸਾ ਹਨ, ਜਿਸ ਦਾ ਟੀਚਾ ਦੇਸ਼ 'ਚੋਂ ਪੰਥਕ ਸਿਆਸਤ ਨੂੰ ਹਮੇਸ਼ਾ ਲਈ ਖਤਮ ਕਰਨਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।