ਹਰਭਜਨ ਸਿੰਘ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ, ਕੀਤੀ ਰਾਜਨੀਤੀ 'ਤੇ ਚਰਚਾ

10/21/2019 11:42:58 AM

ਜਲੰਧਰ— ਜੰਮੂ-ਕਸ਼ਮੀਰ 'ਚ ਧਾਰਾ 370 ਅਤੇ 35ਏ ਖ਼ਤਮ ਕਰਨ ਨਾਲ ਦੇਸ਼ ਨੂੰ ਹੋਣ ਵਾਲੇ ਫਾਇਦੇ 'ਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨਾਲ ਚਰਚਾ ਕੀਤੀ। ਭਾਜਪਾ ਇਸ ਮੁੱਦੇ 'ਤੇ ਦੇਸ਼ ਭਰ ਦੇ ਪ੍ਰਮੁੱਖ ਨਾਗਰਿਕਾਂ ਨਾਲ ਵਿਚਾਰ ਚਰਚਾ ਕਰ ਰਹੀ ਹੈ, ਤਾਂ ਜੋ ਲੋਕਾਂ 'ਚ ਇਹ ਸੰਦੇਸ਼ ਜਾਵੇ ਕਿ ਧਾਰਾ 370 ਤੇ 35ਏ ਖ਼ਤਮ ਕਰਨਾ ਕਿੰਨਾ ਜ਼ਰੂਰੀ ਸੀ ਅਤੇ ਭਾਜਪਾ ਦੀ ਸਰਕਾਰ ਨੇ ਇਹ ਕੰਮ ਕਰ ਕੇ ਦੇਸ਼ ਨੂੰ ਕਿੰਨਾ ਲਾਭ ਪਹੁੰਚਾਇਆ ਹੈ। ਜਲੰਧਰ 'ਚ ਕ੍ਰਿਕਟਰ ਹਰਭਜਨ ਸਿੰਘ ਨਾਲ ਇਹ ਮੁਲਾਕਾਤ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ, ਪੰਜਾਬ ਭਾਜਪਾ ਦੇ ਸੰਗਠਨ ਸਕੱਤਰ ਦਿਨੇਸ਼ ਕੁਮਾਰ, ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਰਮਨ ਪੱਬੀ ਨੇ ਕੀਤੀ।
PunjabKesari
ਇਹ ਮੁਲਾਕਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਜਪਾ ਹਰਭਜਨ ਸਿੰਘ ਨੂੰ ਪਾਰਟੀ ਨਾਲ ਜੋੜਨ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਹੈ। ਮਾਰਚ 2019 'ਚ ਇਹ ਚਰਚਾ ਚਲੀ ਸੀ ਕਿ ਭਾਜਪਾ ਨੇ ਹਰਭਜਨ ਸਿੰਘ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ। ਹਰਭਜਨ ਸਿੰਘ ਨੇ ਇਹ ਸਵੀਕਾਰ ਕੀਤਾ ਸੀ ਕਿ ਭਾਜਪਾ ਉਨ੍ਹਾਂ ਨੂੰ ਚੋਣਾਂ 'ਚ ਉਤਾਰਨਾ ਚਾਹੁੰਦੀ ਹੈ। ਹਾਲਾਂਕਿ ਹਰਭਜਨ ਨੇ ਚੋਣ ਨਹੀਂ ਲੜੀ, ਪਰ ਭਾਜਪਾ ਨਾਲ ਉਨ੍ਹਾਂ ਦੇ ਸਬੰਧ ਬਣੇ ਹੋਏ ਹਨ। ਅੰਮ੍ਰਿਤਸਰ ਸੀਟ 'ਤੇ ਭਾਜਪਾ ਕੋਲ ਫਿਲਹਾਲ ਅਜਿਹਾ ਕੋਈ ਚਿਹਰਾ ਨਹੀਂ ਹੈ, ਜੋ ਕਾਂਗਰਸ ਨੂੰ ਮਾਤ ਦੇ ਸਕੇ। ਮਈ 2019 'ਚ ਹੋਈਆਂ ਚੋਣਾਂ 'ਚ ਵੀ ਭਾਜਪਾ ਨੂੰ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੀਟਿੰਗ 'ਚ ਪ੍ਰਭਾਤ ਝਾਅ ਨੇ ਕਿਹਾ ਕਿ ਧਾਰਾ 370 ਖ਼ਤਮ ਕਰਨ ਦਾ ਸਭ ਤੋਂ ਵੱਧ ਫਾਇਦਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹੋਵੇਗਾ। ਭਾਜਪਾ ਆਗੂਆਂ ਨੇ ਹਰਭਜਨ ਸਿੰਘ ਨੂੰ ਧਾਰਾ 370 ਤੇ 35ਏ ਸਬੰਧੀ ਇਕ ਰਿਪੋਰਟ ਵੀ ਭੇਟ ਕੀਤੀ।


Tarsem Singh

Content Editor

Related News