ਸਵ. ਹਰਬੰਸ ਸਿੰਘ ਪੁਰੇਵਾਲ ਯਾਦਗਾਰੀ 'ਪੇਂਡੂ ਉਲੰਪਿਕ ਖੇਡਾਂ ਹਕੀਮਪੁਰ' ਸਬੰਧੀ ਹੋਈ ਅਹਿਮ ਮੀਟਿੰਗ
Wednesday, Feb 26, 2020 - 03:46 PM (IST)
ਅੱਪਰਾ(ਅਜਮੇਰ ਚਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਤੇ ਕੁਸ਼ਤੀ ਖਿਡਾਰੀ ਪੁਰੇਵਾਲ ਭਰਾਵਾਂ ਤੇ ਸਮੂਹ ਹਰਬੰਸ ਸਿੰਘ ਪੁਰੇਵਾਲ ਸਪੋਰਟਸ ਕਲੱਬ ਦੇ ਮੈਂਬਰਾਂ ਵਲੋਂ ਸਵ. ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿਚ 25ਵੀਆਂ ਪੁਰੇਵਾਲ ਖੇਡਾਂ ਦਾ ਮਹਾਂ ਕੁੰਭ (ਦਸਵੰਧ ਕਿਰਤ) ਪਿੰਡ ਹਕੀਮਪੁਰ ਵਿਖੇ ਕਰਵਾਉਣ ਸਬੰਧੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸ. ਗੁਰਜੀਤ ਸਿੰਘ ਪੁਰੇਵਾਲ ਦੀ ਪ੍ਰਧਾਨੀਗ ਹੇਠ ਪਿੰਡ ਹਕੀਮਪੁਰ 'ਚ ਹੋਈ।
ਇਸ ਮੀਟਿੰਗ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ, ਕਬੱਡੀ ਪ੍ਰਮੋਟਰ ਮੋਹਨ ਸਿੰਘ ਕੰਦੋਲਾ, ਸਤਨਾਮ ਸਿੰਘ ਹੇੜੀਆਂ, ਗੋਪੀ ਹਕੀਮਪੁਰ ਨਿਊਜ਼ੀਲੈਂਡ, ਗੁਰਨੇਕ ਸਿੰਘ ਨੇਕੀ ਪੁਰੇਵਾਲ (ਬਰਮੀਗਮ), ਕੁਲਤਾਰ ਸਿੰਘ ਪੁਰੇਵਾਲ, ਨੀਟੂ ਪੁਰੇਵਾਲ ਅਤੇ ਹੋਰ ਪ੍ਰਬੰਧਕ ਸ਼ਾਮਲ ਹੋਏ। ਸ. ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਸਮੂਹ ਪ੍ਰਬੰਧਕਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਹਿਮਤੀ ਹੋਈ ਹੈ ਕਿ ਪੁਰੇਵਾਲ ਖੇਡਾਂ ਮਿਤੀ 29 ਫਰਵਰੀ ਤੇ 1 ਮਾਰਚ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸ੍ਰ. ਨਰੰਜਨ ਸਿੰਘ ਯਾਦਗਾਰੀ ਖੇਡ ਸਟੇਡੀਅਮ, ਪਿੰਡ ਜਗਤਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਦੌਰਾਨ ਕਬੱਡੀ, ਕੁਸ਼ਤੀ (ਲੜਕੇ ਅਤੇ ਲੜਕੀਆਂ), ਅਥਲੈਟਿਕਸ, ਹਲਟ ਦੌੜਾਂ, ਬੈਲਗੱਡੀ ਦੌੜਾਂ, ਕੁੱਤਿਆਂ ਦੀਆਂ ਦੌੜਾਂ, ਰੱਸਾਕਸ਼ੀ, ਘੋੜ-ਦੌੜ, ਨੇਜਾਬਾਜ਼ੀ ਅਤੇ ਹੋਰ ਪੇਂਡੂ ਰਵਾਇਤੀ ਖੇਡਾਂ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਖੇਡਾਂ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਦਰਸ਼ਕਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾਵੇਗਾ।