ਸ੍ਰੀ ਕਰਤਾਰਪੁਰ ਸਾਹਿਬ ਖੋਲ੍ਹਣ ਨਾਲ ਸਿੱਖ ਸੰਗਤ ’ਚ ਖੁਸ਼ੀ, ਖੇਤੀ ਕਾਨੂੰਨ ਵੀ ਰੱਦ ਕਰੇ ਕੇਂਦਰ ਸਰਕਾਰ : ਬੀਬੀ ਜਗੀਰ ਕੌਰ
Thursday, Nov 18, 2021 - 12:38 PM (IST)
ਪਟਿਆਲਾ/ਰੱਖੜਾ (ਰਾਣਾ) : ਕੋਰੋਨਾ ਕਾਲ ਦੌਰਾਨ ਬੰਦ ਹੋਏ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਨੂੰ ਕੇਂਦਰ ਸਰਕਾਰ ਵੱਲੋਂ ਫਿਰ ਤੋਂ ਖੋਲ੍ਹੇ ਜਾਣ ਨਾਲ ਸਮੂਹ ਸਿੱਖ ਸੰਗਤ ’ਚ ਭਾਰੀ ਖੁਸ਼ੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ 3 ਕਾਲੇ ਖੇਤੀ ਕਾਨੂੰਨ ਵੀ ਕੇਂਦਰ ਦੀ ਮੋਦੀ ਸਰਕਾਰ ਤੁਰੰਤ ਵਾਪਸ ਲਵੇਗੀ। ਇਹ ਪ੍ਰਗਟਾਵਾ ‘ਜਗਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀਆਂ ਅਥੱਕ ਕੋਸ਼ਿਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਕੋਰੀਡੋਰ ਖੋਲ੍ਹਣਾ ਪਿਆ। ਇਸ ਮੌਕੇ ਬੀਬੀ ਜਗੀਰ ਕੌਰ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਮੈਂਬਰ ਕਰਨੈਲ ਸਿੰਘ ਪੰਜੌਲੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਚੰਨੀ ਸਰਕਾਰ ਰਾਖਵੇਂਕਰਨ ਦੇ ਮੁੱਦੇ ਦਾ ਮਜ਼ਬੂਤੀ ਨਾਲ ਹਾਈਕੋਰਟ ’ਚ ਬਚਾਅ ਕਰੇ : ਮਨੀਸ਼ ਤਿਵਾੜੀ
ਇਕ ਸਵਾਲ ਪੁੱਛੇ ਜਾਣ ’ਤੇ ਕਿ ਕੇਂਦਰ ਸਰਕਾਰ ਵੱਲੋਂ ਇਹ ਕਦਮ ਚੁੱਕੇ ਜਾਣ ਤੋਂ ਬਾਅਦ ਕੀ ਭਾਜਪਾ ਨੂੰ ਪੰਜਾਬ ਚੋਣਾਂ ’ਚ ਕੁੱਝ ਲਾਭ ਮਿਲੇਗਾ, ਇਸ ਦੇ ਜਵਾਬ ’ਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ ਪਰ ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਭਾਜਪਾ ਲਈ ਪੰਜਾਬ ’ਚ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਹੀ ਕਿਸਾਨ ਦਿੱਲੀ ਦੀ ਸਰਹੱਦ ’ਤੇ ਬੈਠੇ ਕਿਸਾਨ ਭਰਾ ਸ਼ਹੀਦ ਹੋ ਗਏ ਹਨ, ਇਸ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਗੇ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਆਪਣਾ ਜਨਆਧਾਰ ਗਵਾ ਲਿਆ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਲੜਾਈ ਅਤੇ ਹੁਣ ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਖਿੱਚੋਤਾਣ ਦਾ ਪੰਜਾਬ ’ਤੇ ਮਾੜਾ ਅਸਰ ਪੈ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ