ਸਰਟੀਫਿਕੇਟ ਬਣਵਾਉਣ ਲਈ ਹਸਪਤਾਲਾਂ ਦੇ ਚੱਕਰਵਿਊ ''ਚ ਫਸੇ ਰਹਿੰਦੇ ਅੰਗਹੀਣ
Friday, Dec 08, 2017 - 08:11 AM (IST)
ਫ਼ਰੀਦਕੋਟ (ਹਾਲੀ) - ਪੰਜਾਬ ਵਿਚ ਅੰਗਹੀਣ ਵਿਅਕਤੀਆਂ ਨੂੰ ਸਰਕਾਰ ਕਈ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਪਰ ਅਸਲ ਵਿਚ ਸਥਿਤੀ ਇਹ ਹੈ ਕਿ ਉਨ੍ਹਾਂ ਨੂੰ ਅੰਗਹੀਣਤਾ ਦਾ ਸਰਟੀਫਿਕੇਟ ਲੈਣ ਲਈ ਹੀ ਕਈ-ਕਈ ਹਫ਼ਤੇ ਹਸਪਤਾਲਾਂ ਅਤੇ ਡਾਕਟਰਾਂ ਦੇ ਚੱਕਰਾਂ ਵਿਚ ਉਲਝਣਾ ਪੈਂਦਾ ਹੈ। ਅੰਗਹੀਣਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਵੱਲੋਂ ਵਾਰ-ਵਾਰ ਮੰਗ ਕਰਨ ਤੋਂ ਬਾਅਦ ਵੀ ਨਾ ਤਾਂ ਸਿਹਤ ਵਿਭਾਗ ਪ੍ਰਵਾਹ ਕਰਦਾ ਅਤੇ ਨਾ ਹੀ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਕਰਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਅੰਗਹੀਣਾਂ ਨੂੰ ਸਿਰਫ਼ ਚੱਕਰ ਦਰ ਚੱਕਰ ਗੇੜੇ ਲਾਉਣੇ ਪੈ ਰਹੇ ਹਨ।
ਲਗਾਤਾਰ ਚੱਕਰ ਲਾਉਣ ਦਾ ਵੱਡਾ ਕਾਰਨ ਇਹ ਹੈ ਕਿ ਅਪਾਹਜ ਸਰਟੀਫਿਕੇਟ ਬਣਵਾਉਣ ਲਈ ਸਿਹਤ ਵਿਭਾਗ ਵੱਲੋਂ ਫ਼ਰੀਦਕੋਟ ਜ਼ਿਲੇ ਵਿਚ ਸਿਰਫ ਇਕੋ ਦਿਨ ਬੁੱਧਵਾਰ ਰੱਖਿਆ ਗਿਆ ਹੈ। ਵੱਡੀ ਗਿਣਤੀ ਵਿਚ ਲੋੜਵੰਦ ਸਿਵਲ ਹਸਪਤਾਲ ਪੁੱਜਦੇ ਹਨ ਪਰ ਇਥੇ ਪੂਰੀ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਪੂਰਾ ਦਿਨ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਵਿਭਾਗ ਕਿਸ-ਕਿਸ ਨੂੰ ਅੰਗਹੀਣ ਮੰਨਦੈ
ਸਿਹਤ ਵਿਭਾਗ ਪੰਜਾਬ ਵੱਲੋਂ ਅੰਗਹੀਣ ਸਰਟੀਫਿਕੇਟ ਨੂੰ 'ਡਿਸਐਬਿਲਟੀ ਸਰਟੀਫਿਕੇਟ' ਦਾ ਨਾਂ ਦਿੱਤਾ ਗਿਆ ਹੈ, ਜਿਸ ਵਿਚ ਹਰ ਉਸ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਸਰੀਰਕ ਤੌਰ 'ਤੇ ਅੰਗ ਗੁਆ ਚੁੱਕਾ ਹੋਵੇ, ਜਿਸ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋਵੇ, ਅੰਨ੍ਹੇਪਣ ਦਾ ਸ਼ਿਕਾਰ ਹੋਵੇ, ਉੱਚਾ ਸੁਣਦਾ ਹੋਵੇ, ਗੂੰਗਾ ਜਾਂ ਬੋਲਾ ਹੋਵੇ, ਦਿਮਾਗੀ ਤੌਰ 'ਤੇ ਅਣਫਿਟ ਹੋਵੇ ਅਤੇ ਕਿਸੇ ਗੰਭੀਰ ਸਰੀਰਕ ਬੀਮਾਰੀ ਤੋਂ ਪੀੜਤ ਹੋਵੇ। ਅੰਗਹੀਣ ਸਰਟੀਫਿਕੇਟ ਬਣਾਉਣ ਲਈ ਸਰਕਾਰ ਨੇ ਸਰਲ ਅਤੇ ਸੌਖਾ ਤਰੀਕਾ ਤਿਆਰ ਕੀਤਾ ਹੈ, ਜਿਸ ਵਿਚ ਸਬੰਧਤ ਵਿਅਕਤੀ ਨੂੰ ਆਪਣਾ ਨਾਂ, ਪਤਾ, ਉਮਰ, ਕਿੱਤਾ, ਆਮਦਨ ਪ੍ਰਤੀ ਮਹੀਨਾ, ਸਰਟੀਫਿਕੇਟ ਲੈਣ ਦਾ ਮੰਤਵ ਅਤੇ ਬਿਨੈਕਾਰ ਸਰੀਰ ਦੇ ਕਿਸ ਹਿੱਸੇ ਤੋਂ ਅਤੇ ਕਦੋਂ ਤੋਂ ਪੀੜਤ ਹੈ, ਭਰ ਕੇ ਇਲਾਕੇ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਦੇਣਾ ਹੁੰਦਾ ਹੈ। ਉਸ ਤੋਂ ਬਾਅਦ ਵਿਅਕਤੀ ਨੂੰ ਸਬੰਧਤ ਡਾਕਟਰ ਕੋਲ ਜਾ ਕੇ ਆਪਣੀ ਅੰਗਹੀਣਤਾ ਸਬੰਧੀ ਰਿਪੋਰਟ ਕਰਵਾਉਣੀ ਹੁੰਦੀ ਹੈ ਅਤੇ ਫਿਰ ਸੀਨੀਅਰ ਮੈਡੀਕਲ ਅਫਸਰ ਆਪਣੀ ਮੋਹਰ ਹੇਠ ਸਰਟੀਫਿਕੇਟ ਜਾਰੀ ਕਰ ਦਿੰਦਾ ਹੈ।
ਕੀ ਹਨ ਮੰਗਾਂ
ਅੰਗਹੀਣਾਂ ਦੀ ਭਲਾਈ ਲਈ ਕੰਮ ਕਰਦੀਆਂ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਸਰਟੀਫਿਕੇਟ ਵਾਲੇ ਦਿਨ ਆਏ ਅੰਗਹੀਣਾਂ ਦੇ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਸਰਕਾਰ ਤੋਂ ਵੀ ਮੰਗ ਕਰਦੀਆਂ ਹਨ ਕਿ ਕੀਤੇ ਐਲਾਨ ਮੁਤਾਬਕ ਉਨ੍ਹਾਂ ਦਾ ਬੱਸ ਕਿਰਾਇਆ ਪੂਰਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਦੇ ਅੰਗਹੀਣ ਮੁਖੀ ਹੋਣ ਕਰਕੇ ਉਸ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇ।
ਕੀ ਕਹਿੰਦੇ ਹਨ ਅਧਿਕਾਰੀ
ਇਸ ਸਬੰਧੀ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣਾਂ ਲਈ ਸਰਟੀਫਿਕੇਟ ਬਣਾਉਣ ਲਈ ਦਿਨ ਤੈਅ ਕੀਤੇ ਗਏ ਹਨ ਅਤੇ ਨਿਯਮ ਵੀ ਬਣਾਏ ਹੋਏ ਹਨ, ਜਿਸ ਵੀ ਡਾਕਟਰ ਨੂੰ ਅੰਗਹੀਣਤਾ ਸਬੰਧੀ ਜਾਂਚ ਲਈ ਭੇਜਿਆ ਜਾਂਦਾ ਹੈ, ਉਹ ਡਾਕਟਰ ਨਿਯਮਾਂ ਅਨੁਸਾਰ ਹੀ ਸਬੰਧਤ ਵਿਅਕਤੀ ਦੀ ਅੰਗਹੀਣਤਾ ਪ੍ਰਤੀਸ਼ਤ ਲਿਖਦਾ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਵਾਲੇ ਦਿਨ ਸਰਟੀਫਿਕੇਟ ਬਣਵਾਉਣ ਲਈ ਆਉਣ ਵਾਲਿਆਂ ਲਈ ਬੈਠਣ ਵਾਸਤੇ ਬੈਂਚਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
