ਹਾਫਿਜ਼ ਸਈਦ ਤੇ ਗੋਪਾਲ ਸਿੰਘ ਚਾਵਲਾ ਨੂੰ ਪੰਜਾਬ ਤੇ ਕਸ਼ਮੀਰ ''ਚ ਅੱਤਵਾਦ ਦੀ ਕਮਾਨ

Friday, Apr 20, 2018 - 07:15 AM (IST)

ਜਲੰਧਰ (ਰਾਕੇਸ਼ ਬਹਿਲ, ਸੋਮਨਾਥ ਕੈਂਥ) - ਆਈ. ਐੈੱਸ.ਆਈ. ਨੇ ਮਿਸ਼ਨ ਪੀ. ਕੇ. (ਪੰਜਾਬ- ਕਸ਼ਮੀਰ) ਸ਼ੁਰੂ ਕੀਤਾ ਹੈ। ਇਸਦੇ ਤਹਿਤ ਲਸ਼ਕਰ ਦੇ ਚੀਫ ਹਾਫਿਜ਼ ਸਈਦ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ਪੰਜਾਬ ਤੇ ਜੰਮੂ ਕਸ਼ਮੀਰ ਵਿਚ ਵੱਡੇ ਅੱਤਵਾਦੀ ਹਮਲੇ ਕਰਵਾਉਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਆਈ. ਐੈੱਸ. ਆਈ. ਨੇ ਨਵੀਂ ਰਣਨੀਤੀ ਦੇ ਤਹਿਤ ਹੁਣ ਖਾਲਿਸਤਾਨੀ ਅੱਤਵਾਦ ਦੀ ਕਮਾਨ ਚਾਵਲਾ ਨੂੰ ਸੌਂਪੀ ਹੈ। ਚਾਵਲਾ ਨੂੰ ਇਸ ਨੂੰ ਸੰਗਠਿਤ ਕਰਨ ਦਾ ਕੰਮ ਦਿੱਤਾ ਗਿਆ ਹੈ। ਇਸਦਾ ਕਾਰਨ ਇਹ ਹੈ ਕਿ ਚਾਵਲਾ ਦੇ ਹਾਫਿਜ਼ ਸਈਦ ਨਾਲ ਚੰਗੇ ਸਬੰਧ ਹਨ। ਹਾਫਿਜ਼  ਕਾਫੀ ਸਮੇਂ ਤੋਂ ਕਸ਼ਮੀਰੀ ਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਮਿਲ ਕੇ ਕੰਮ ਕਰਨ 'ਤੇ ਜ਼ੋਰ ਦੇ ਰਿਹਾ ਹੈ। ਹਾਫਿਜ਼ ਸਈਦ ਦਾ ਇਰਾਦਾ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ ਵਿਚ ਫੌਜ ਦੇ ਟਿਕਾਣਿਆਂ ਵੱਡੇ ਆਤਮਘਾਤੀ ਹਮਲੇ ਕਰਵਾਉਣ ਦਾ ਹੈ। ਉਹ ਪੰਜਾਬ ਵਿਚ ਦੁਬਾਰਾ ਪਠਾਨਕੋਟ ਤੇ ਦੀਨਾਨਗਰ ਜਿਹੇ ਹਮਲੇ ਕਰਵਾਉਣਾ ਚਾਹੁੰਦਾ ਹੈ।
ਸੂਤਰਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਪੁਰਾਣੇ ਅੱਤਵਾਦੀਆਂ, ਗੈਂਗਸਟਰਾਂ ਤੇ ਸਮੱਗਲਰਾਂ ਨੂੰ ਆਈ. ਐੱਸ.ਆਈ. ਨੇ ਇਸਦੇ ਲਈ ਤਿਆਰ ਕੀਤਾ ਹੈ। ਗੋਪਾਲ ਸਿੰਘ ਚਾਵਲਾ ਨੇ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਬੱਬਰ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਨੀਟਾ ਦੇ ਨਾਲ ਮਿਲ ਕੇ ਇਸਦੇ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਸਰਗਰਮ ਸਲੀਪਿੰਗ ਸੈੱਲ ਨੂੰ ਸਰਗਰਮ ਕਰਨ ਲਈ ਕਿਹਾ ਹੈ।
ਆਈ. ਐੱਸ. ਆਈ. ਹੈਂਡਲਰ ਅੱਬਾਸ ਰਾਣਾ ਗੁ. ਪੰਜਾ ਸਾਹਿਬ ਵਿਖੇ ਦੇਖਿਆ ਗਿਆ
ਆਈ. ਐੱਸ. ਆਈ. ਹੈਂਡਲਰ ਅੱਬਾਸ ਰਾਣਾ ਕੈਨੇਡਾ ਵਿਚ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਕਰਦਾ ਹੈ। ਕੈਨੇਡਾ ਵਿਚ ਇਸ ਸਮੇਂ 30 ਅੱਤਵਾਦੀ ਮਾਡਿਊਲ ਚੱਲ ਰਹੇ ਹਨ। ਇਨ੍ਹਾਂ ਨੂੰ ਰਾਣਾ ਨੇ ਤਿਆਰ ਕੀਤਾ ਹੈ। ਅੱਬਾਸ ਰਾਣਾ ਪਿਛਲੇ 3 ਸਾਲਾਂ ਤੋਂ ਕੈਨੇਡਾ ਵਿਚ ਹੈ। ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਅੱਬਾਸ ਰਾਣਾ ਹੀ ਕੈਨੇਡਾ ਤੋਂ ਸਿੱਖ ਜਥੇ ਨੂੰ ਪਾਕਿਸਤਾਨ ਲੈ ਕੇ ਆਇਆ ਹੈ। ਉਸਨੂੰ ਗੁ. ਪੰਜਾ ਸਾਹਿਬ ਵਿਖੇ   ਦੇਖਿਆ ਗਿਆ। ਜਥੇ ਵਿਚਲੇ ਕੁੱਝ ਲੋਕਾਂ ਨੂੰ ਆਈ. ਐੱਸ. ਆਈ. ਨੇ ਲਾਹੌਰ ਵਿਚ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਹੈ। ਰਾਣਾ ਭੇਸ ਬਦਲਣ ਵਿਚ ਮਾਹਿਰ ਹੈ। ਕਈ ਵਾਰੀ ਉਸਨੂੰ ਸਿੱਖ ਪਹਿਰਾਵੇ ਵਿਚ ਵੇਖਿਆ ਗਿਆ ਹੈ।
ਪੰਜਾਬੀ ਸਿੱਖ ਸੰਗਤ ਨੂੰ ਕਸ਼ਮੀਰੀ ਅੱਤਵਾਦੀਆਂ ਦੀ ਮਦਦ ਦਾ ਜ਼ਿੰਮਾ
ਚਾਵਲਾ ਨੇ ਇਕ ਨਵਾਂ ਸੰਗਠਨ ਪੰਜਾਬੀ ਸਿੱਖ ਸੰਗਤ ਬਣਾਇਆ ਹੈ। ਚਾਵਲਾ ਇਸਦਾ ਚੇਅਰਮੈਨ ਹੈ। ਹਾਫਿਜ਼ ਸਈਦ ਨੇ ਪਿਛਲੇ ਸਾਲ 7 ਅਪ੍ਰੈਲ ਨੂੰ ਲਾਹੌਰ ਵਿਚ ਆਪਣੇ ਸਿਆਸੀ ਵਿੰਗ ਮਿੱਲੀ ਮੁਸਲਿਮ ਲੀਗ ਦੀ ਰੈਲੀ ਵਿਚ ਚਾਵਲਾ ਦੀ ਮੌਜੂਦਗੀ ਵਿਚ ਇਹ ਐਲਾਨ ਕੀਤਾ ਸੀ ਕਿ ਹੁਣ ਪੰਜਾਬੀ ਸਿੱਖ ਸੰਗਤ ਅਤੇ ਮਿੱਲੀ ਮੁਸਲਿਮ ਲੀਗ ਮਿਲ ਕੇ ਕੰਮ ਕਰਨਗੇ।  ਉਨ੍ਹਾਂ ਦਾ ਮਕਸਦ ਕਸ਼ਮੀਰ ਦੀ ਆਜ਼ਾਦੀ ਤੇ ਖਾਲਿਸਤਾਨ ਬਣਾਉਣਾ ਹੋਵੇਗਾ। ਇਸਦੇ ਨਾਲ ਪੰਜਾਬੀ ਸਿੱਖ ਸੰਗਤ ਵਿਦੇਸ਼ ਵਿਚ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੇ ਨਾਲ ਮਿਲ ਕੇ ਕੰਮ ਕਰੇਗੀ। ਗੋਪਾਲ ਸਿੰਘ ਚਾਵਲਾ ਨੇ ਇਸ ਰੈਲੀ ਵਿਚ ਇਹ ਕਿਹਾ ਸੀ ਕਿ ਦੋਵਾਂ ਦਾ ਮਕਸਦ ਆਜ਼ਾਦੀ ਹੈ। ਦੋਵਾਂ ਦਾ ਦੁਸ਼ਮਣ ਭਾਰਤ ਹੈ। ਦੋਵੇਂ ਮਿਲ ਕੇ ਕੰਮ ਕਰਨਗੇ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਅਗਸਤ ਦੀ ਰੈਲੀ ਤੋਂ ਬਾਅਦ ਇਹ ਮਿਲ ਕੇ ਕੰਮ ਕਰ ਰਹੇ ਹਨ।
ਪਿਛਲੇ ਸਾਲ 19  ਅਕਤੂਬਰ ਨੂੰ ਚਾਵਲਾ ਨੇ ਜਾਰੀ ਕੀਤਾ ਸੀ ਖਾਲਿਸਤਾਨ ਦੇ ਪੱਖ 'ਚ ਵੀਡੀਓ
ਚਾਵਲਾ ਨੇ ਪਿਛਲੇ ਸਾਲ 19 ਅਕਤੂਬਰ ਨੂੰ ਇਕ ਵੀਡੀਓ ਜਾਰੀ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਉਹ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦਾ ਹਿੱਸਾ ਹੈ। ਇਸ ਵੀਡੀਓ ਵਿਚ ਚਾਵਲਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ।


Related News