ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਕਾਸ਼ ਪੁਰਬ ''ਤੇ ਸਟੇਜ ਨੂੰ ਲੈ ਕੇ ਦਿੱਤਾ ਬਿਆਨ

Wednesday, Oct 30, 2019 - 04:34 PM (IST)

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਕਾਸ਼ ਪੁਰਬ ''ਤੇ ਸਟੇਜ ਨੂੰ ਲੈ ਕੇ ਦਿੱਤਾ ਬਿਆਨ

ਲੁਧਿਆਣਾ (ਨਰਿੰਦਰ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੁੱਧਵਾਰ ਨੂੰ ਪਿੰਡ ਖਾਸੀ ਕਲਾਂ 'ਚ ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਤੇ ਸਟੇਜ ਨੂੰ ਲੈ ਕੇ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਟਕਰਾਅ ਤੇ ਪ੍ਰਤੀਕਿਰਿਆ ਦਿੱਤੀ ਅਤੇ ਦਰਸ਼ਨਾਂ ਲਈ ਪਾਕਿਸਤਾਨ ਗਏ ਪਹਿਲੇ ਜੱਥੇ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸਾਹਨੇਵਾਲ ਤੋਂ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵੀ ਉਨ੍ਹਾਂ ਨਾਲ ਮੌਜੂਦ ਰਹੇ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ 'ਚ ਸ੍ਰੀ ਬੇਰ ਸਾਹਿਬ ਦੀ ਹੀ ਸਟੇਜ ਲੱਗੇਗੀ। ਸਟੇਜ ਨੂੰ ਲੈ ਕੇ ਅਕਾਲੀ ਦਲ ਅਤੇ ਸਰਕਾਰ ਵਿਚਾਲੇ ਚੱਲ ਰਹੀ ਟਸਲਬਾਜ਼ੀ 'ਤੇ ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਹੱਲ ਕਰੇਗੀ। ਉਧਰ ਪਾਕਿਸਤਾਨ ਦਰਸ਼ਨ ਕਰਨ ਗਏ ਪਹਿਲੇ ਜੱਥੇ ਦੇ ਮਾਮਲੇ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਜੋ ਵੀ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ, ਸਾਰਿਆਂ ਨੂੰ ਵੀਜ਼ਾ ਦੇਣਾ ਚਾਹੀਦਾ ਹੈ।

ਉਨ੍ਹਾਂ ਸਿੱਧੂ ਮੂਸੇ ਵਾਲਾ 'ਤੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਕਾਰਵਾਈ ਕਰਨ ਦੀ ਗੱਲ ਕੀਤੀ। ਨਾਲ ਹੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ।


author

Babita

Content Editor

Related News