UAE ਦੀ ਸਿੱਖ ਸੰਗਤ ਲਈ ਖੁਸ਼ਖ਼ਬਰੀ, ਨਵੇਂ ਬਣੇ ਗੁਰੂਘਰ ਗੁਰੂ ਨਾਨਕ ਦਰਬਾਰ ਰਸ ਅਲ ਖੇਹਮਾ 'ਚ ਹੋਇਆ ਪ੍ਰਕਾਸ਼

Saturday, Nov 25, 2023 - 10:21 PM (IST)

ਦੁਬਈ (ਰਮਨਦੀਪ ਸੋਢੀ, ਸਤਨਾਮ ਸਿੰਘ) : ਯੂਏਈ ਦੇ ਓਮਾਨ ਨਾਲ ਲੱਗਦੇ ਆਖ਼ਰੀ ਸ਼ਹਿਰ ਰਸ ਅਲ ਖੇਹਮਾ ਵਿਖੇ ਪਿਛਲੇ 4 ਸਾਲ ਤੋਂ ਬਣ ਰਹੀ ਗੁਰੂਘਰ ਗੁਰੂ ਨਾਨਕ ਦਰਬਾਰ ਦੀ ਇਮਾਰਤ ਮੁਕੰਮਲ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬੀਤੇ ਦਿਨ ਇਸ ਗੁਰੂਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰ ਦਿੱਤਾ ਗਿਆ ਹੈ। ਇਸ ਗੁਰੂਘਰ ਨੂੰ ਤਿਆਰ ਕਰਨ 'ਚ 4 ਸਾਲ ਲੱਗੇ। ਤਕਰੀਬਨ ਡੇਢ ਏਕੜ 'ਚ ਇਹ ਗੁਰੂਘਰ ਸੁਸ਼ੋਭਿਤ ਹੈ। ਦੁਬਈ 'ਚ ਇਹ ਦੂਸਰਾ ਵੱਡਾ ਗੁਰੂਘਰ ਹੈ, ਜਿਸ ਕੋਲ ਵੱਡਾ ਹਾਲ ਤੇ ਖੁੱਲ੍ਹੀ ਜਗ੍ਹਾ ਹੈ। ਲੋਕਲ ਸ਼ੇਖ ਸਾਊਦ ਬਿਨ ਸਾਕਰ ਅਲ ਕਸ਼ਮੀਰ ਵੱਲੋਂ 24 ਨਵੰਬਰ ਨੂੰ ਰਸਮੀ ਤੌਰ 'ਤੇ ਉਦਘਾਟਨ 'ਚ ਸ਼ਮੂਲੀਅਤ ਕੀਤੀ ਗਈ।

PunjabKesari

ਦੱਸ ਦੇਈਏ ਕਿ ਸ਼ੇਖ ਵੱਲੋਂ ਹੀ ਗੁਰੂਘਰ ਲਈ ਜ਼ਮੀਨ ਦਾਨ ਕੀਤੀ ਗਈ ਹੈ। ਬੀਤੇ ਦਿਨ ਹੀ 70 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵੱਲੋਂ ਸੰਪੰਨ ਕੀਤੀ ਗਈ। ਪਹਿਲੇ ਦਿਨ ਦੇ ਉਦਘਾਟਨ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਰਬੇਲ ਸਿੰਘ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ ਤੇ ਯੂਏਈ ਦੀ ਪੂਰੀ ਸੰਗਤ ਮੌਜੂਦ ਰਹੀ। ਦੱਸਣਾ ਬਣਦਾ ਹੈ ਕਿ ਲੋਕਲ ਸੰਗਤ ਨੇ ਆਪਣੀ ਸੇਵਾ ਨਾਲ ਹੀ ਗੁਰੂਘਰ ਤਿਆਰ ਕੀਤਾ ਹੈ। ਫਿਲਹਾਲ ਸੰਗਤ ਹੀ ਸੇਵਾ ਦੇ ਤੌਰ 'ਤੇ ਸਾਰਾ ਪ੍ਰਬੰਧ ਚਲਾ ਰਹੀ ਹੈ।

PunjabKesari

ਗੁਰੂਘਰ ਦੀ 8 ਮੈਂਬਰੀ ਕਮੇਟੀ ਹੈ, ਜਿਸ ਦੇ ਮੈਂਬਰ ਤਲਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਰਾਜ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ ਪ੍ਰਬੰਧਕ ਬਲਜੀਤ ਸਿੰਘ, ਗ੍ਰੰਥੀ ਸਿੰਘ ਭਾਈ ਇਸ਼ਮੀਤ ਸਿੰਘ ਅਤੇ ਭਾਈ ਜਸਬੀਰ ਸਿੰਘ ਹਨ। ਰਸੋਈਏ ਦੇ ਤੌਰ 'ਤੇ ਹਰਦੇਵ ਸਿੰਘ, ਮਨਜੀਤ ਸਿੰਘ, ਦੀਪੀ ਤੇ ਅੰਗਰੇਜ਼ ਸਿੰਘ ਸੰਘਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਲੇਖਾ-ਜੋਖਾ ਵਿਭਾਗ ਅਮਨਦੀਪ ਸਿੰਘ ਕੋਲ ਹੈ।

PunjabKesari

ਗੁਰੂਘਰ 'ਚ ਪਹਿਲੇ ਦਿਨ ਸਵੇਰੇ ਸਾਢੇ 4 ਵਜੇ ਪ੍ਰਕਾਸ਼ ਹੋਇਆ। ਉਪਰੰਤ ਪੰਜ ਬਾਣੀਆਂ ਦਾ ਪਾਠ ਕੀਤਾ ਗਿਆ, ਫਿਰ ਆਸਾ ਦੀ ਵਾਰ ਤੇ ਉਸ ਤੋਂ ਬਾਅਦ ਕੀਰਤਨ ਕੀਤਾ ਗਿਆ। ਵਿਧੀ ਮੁਤਾਬਕ ਹਰ ਰੋਜ਼ ਪੰਜ ਬਾਣੀਆਂ ਪੜ੍ਹਨ ਸਮੇਤ 7 ਵਜੇ ਤੱਕ ਕੀਰਤਨ ਹੋਇਆ ਕਰੇਗਾ। ਗੁਰੂਘਰ ਸੱਤੇ ਦਿਨ ਖੁੱਲ੍ਹਾ ਰਹੇਗਾ। 24 ਘੰਟੇ ਲੰਗਰ ਦੀ ਸੁਵਿਧਾ ਹੈ ਤੇ ਐਤਵਾਰ ਦੀਵਾਨ ਸਜਿਆ ਕਰਨਗੇ । ਕੱਲ੍ਹ ਯਾਨੀ 26 ਨਵੰਬਰ ਨੂੰ ਭਾਈ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਕਥਾ ਕਰਨਗੇ ਤੇ ਬਾਬਾ ਗੁਰਦਿਅਲ ਸਿੰਘ ਟਾਂਡੇ ਵਾਲੇ ਕੀਰਤਨ ਕਰਨਗੇ। ਕੱਲ੍ਹ ਸਵੇਰ ਤੇ ਸ਼ਾਮ ਨੂੰ ਦੀਵਾਨ ਹੈ। ਇਸੇ ਤਰ੍ਹਾਂ ਅਗਲੇ ਦਿਨ ਵੀ 2 ਦੀਵਾਨ ਹਨ। ਰਸ ਅਲ ਖੇਹਮਾ 'ਚ ਸਿੱਖ ਕਮਿਊਨਟੀ 2 ਹਜ਼ਾਰ ਤੋਂ ਵਧੇਰੇ ਹੈ। ਇਸ ਦੇ ਨਾਲ ਫਜ਼ੀਰਾ, ਸ਼ਾਰਜਾਹ, ਅਜਮਾਨ, ਮਲਗੋਨ ਲੱਗਦੇ ਹਨ। ਦੁਬਈ ਤੋਂ ਵੀ ਸੰਗਤ ਆਉਂਦੀ ਹੈ।

PunjabKesari
ਤਲਵਿੰਦਰ ਸਿੰਘ ਦੱਸਦੇ ਹਨ ਕਿ 2018 'ਚ ਲੋਕਲ ਭਾਈਚਾਰੇ ਦੀ ਸ਼ੇਖ ਅੱਗੇ ਮੰਗ ਰੱਖੇ ਜਾਣ ਨੂੰ ਬੂਰ ਪੈ ਗਿਆ ਹੈ। ਸ਼ੇਖ ਸਾਬ ਮੰਨ ਗਏ ਤੇ ਜ਼ਮੀਨ ਦੇਣ ਲਈ ਸਹਿਮਤੀ ਬਣ ਗਈ। ਇਕ ਸਾਲ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਗਈ ਤੇ 1 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੰਮ ਸ਼ੁਰੂ ਕੀਤਾ ਗਿਆ। ਹੁਣ ਵੀ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ। ਗੁੰਮਟ ਤੇ ਨਿਸ਼ਾਨ ਸਾਹਿਬ ਭਾਰਤ ਤੋਂ ਆਏ ਹਨ। ਪਾਲਕੀ ਸਾਹਿਬ ਨੂੰ ਵੀ ਦਿੱਲੀ ਤੋਂ ਤਿਆਰ ਕਰਵਾਇਆ ਗਿਆ ਹੈ।

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News