550ਵਾਂ ਪ੍ਰਕਾਸ਼ ਪੁਰਬ : ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾਵੇਗਾ ਗੁਰਦੁਆਰਾ ਸ੍ਰੀ ਬੇਰ ਸਾਹਿਬ
Thursday, Sep 12, 2019 - 05:31 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ। ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵੱਖ-ਵੱਖ ਇਮਾਰਤਾਂ ਦੇ ਨਿਰਮਾਣ ਦੀ ਸੇਵਾ ਚੱਲ ਰਹੀ ਹੈ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਜਨਰਲ ਸਕੱਤਰ ਜਥੇ ਗੁਰਬਚਨ ਸਿੰਘ ਕਰਮੂਵਾਲਾ ਦੀ ਅਗਵਾਈ 'ਚ ਵੀਰਵਾਰ ਦੁਪਹਿਰ ਨੂੰ ਹੋਈ। ਇਸ 'ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਸਰਵਨ ਸਿੰਘ ਕੁਲਾਰ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ , ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਤੇ ਹੋਰਨਾਂ ਅਧਿਕਾਰੀਆਂ ਸ਼ਿਰਕਤ ਕੀਤੀ। ਮੀਟਿੰਗ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਰਬਾਰ ਦੇ ਅੰਦਰੋਂ ਅਤੇ ਬਾਹਰੋਂ ਫੁੱਲਾਂ ਨਾਲ ਕਰਵਾਈ ਜਾਣ ਵਾਲੀ ਡੈਕੋਰੇਸ਼ਨ ਅਤੇ ਹੋਰ ਸਜਾਵਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਮੀਟਿੰਗ ਉਪਰੰਤ ਜਥੇ ਕਰਮੂਵਾਲਾ ਨੇ ਦੱਸਿਆ ਕਿ ਸਤਿਗੁਰੂ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦੇਸ਼ ਅਤੇ ਵਿਦੇਸ਼ ਤੋਂ ਅਨੇਕਾਂ ਤਰ੍ਹਾਂ ਦੇ ਫੁੱਲ ਮੰਗਵਾ ਕੇ ਸਮੁੱਚੇ ਦਰਬਾਰ ਸਾਹਿਬ ਨੂੰ ਇਸ ਆਲੌਕਿਕ ਢੰਗ ਨਾਲ ਸਜਾਇਆ ਜਾਵੇਗਾ ਕਿ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਤੋਂ ਵੱਖ ਵੱਖ ਪ੍ਰਕਾਰ ਦੀ ਸੁਗੰਧੀਆਂ ਲੱਖਾਂ ਸ਼ਰਧਾਲੂਆਂ ਦਾ ਮੰਨ ਮੋਹ ਲੈਣਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਦੇ ਅੰਦਰੋਂ ਅਤੇ ਬਾਹਰੋਂ ਫੁੱਲਾਂ ਦੀ ਸਜਾਵਟ ਲਈ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਗੁਰੂ ਪ੍ਰੇਮੀਆਂ ਦੀਆਂ ਸੇਵਾਵਾਂ ਲਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਅਜਿਹੇ ਫੁੱਲਾਂ ਨਾਲ ਸਜਾਵਟ ਕੀਤੀ ਜਾਵੇਗੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਨਗਰੀ ਮਹਿਕ ਫੁੱਲਾਂ ਦੀ ਮਿੱਠੀ ਖੁਸ਼ਬੂ ਨਾਲ ਉੱਠੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਅਤੇ ਪ੍ਰਧਾਨ ਜੀ ਦੇ ਨਿੱਜੀ ਸਕੱਤਰ ਸੁਖਮਿੰਦਰ ਸਿੰਘ ਨੇ ਫੁੱਲਾਂ ਦੀ ਸੇਵਾ ਕਰਨ ਵਾਲੇ ਸਮੂਹ ਪ੍ਰੇਮੀਆਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ। ਇਸ ਸਮੇਂ ਮੀਟਿੰਗ ਚ ਪ੍ਰਕਰਮਾ ਸੇਵਾ ਸੁਸਾਇਟੀ ਦੇ ਆਗੂ ਸਮੁੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੀ ਜਥੇਬੰਦੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫੁੱਲਾਂ ਦੀ ਸੇਵਾ ਅਤੇ ਦਰਬਾਰ ਸਾਹਿਬ ਨੂੰ ਸਜਾਉਣ ਲਈ ਸੇਵਾ ਨਿਭਾਏਗੀ। ਇਸ ਮੌਕੇ ਹਰਜੀਤ ਸਿੰਘ ਲਾਲੂ ਘੁੰਮਣ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਮੇਜਰ ਸਿੰਘ ਸੰਧੂ ਸੁਪਰਵਾਈਜਰ, ਇੰਜ. ਜਤਿੰਦਰਪਾਲ ਸਿੰਘ ਅਤੇ ਇੰਜ. ਸੁਖਵਿੰਦਰ ਸਿੰਘ ਦੋਵੇਂ ਐੱਸ. ਡੀ. ਓ. ਸ਼੍ਰੋਮਣੀ ਕਮੇਟੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਦਲਜੀਤ ਸਿੰਘ ਸੁਪਰਵਾਈਜਰ ਬਿਜਲੀ, ਤੇਜਿੰਦਰਜੀਤ ਸਿੰਘ, ਇਕਬਾਲ ਸਿੰਘ, ਭੁਪਿੰਦਰ ਸਿੰਘ ਆਰ. ਏ., ਰਣਜੀਤ ਸਿੰਘ ਠੱਟਾ ਸਹਾਇਕ ਆਰ. ਏ. ਨੇ ਵੀ ਸ਼ਿਰਕਤ ਕੀਤੀ ।