ਗੁਰੂਘਰ ਨਤਮਸਤਕ ਹੋਣ ਆਇਆ ਹਾਂ, ਕੋਈ ਸਿਆਸੀ ਗੱਲ ਨਹੀਂ ਕਰਾਂਗਾ : ਢੀਂਡਸਾ
Friday, Dec 27, 2019 - 11:45 PM (IST)
ਫ਼ਤਿਹਗੜ੍ਹ ਸਾਹਿਬ, (ਜਗਦੇਵ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਆਪਣੇ ਸਾਥੀਆਂ ਦੇ ਵੱਡੇ ਕਾਫ਼ਲੇ ਸਮੇਤ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਨਤਮਸਤਕ ਹੋਣ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਚੰਡੀਗੜ੍ਹ ਤੋਂ ਕਾਰਾਂ ਤੇ ਮੋਟਰਸਾਈਕਲਾਂ ਦੇ ਵੱਡੇ ਕਾਫ਼ਲੇ ਸਮੇਤ ਸਭ ਤੋਂ ਪਹਿਲਾਂ ਚਮਕੌਰ ਸਾਹਿਬ ਪਹੁੰਚ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਸਮੇਤ ਸਮੂਹ ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਪੱਤਰਕਾਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਵਾਰ-ਵਾਰ ਸਿਆਸੀ ਸਵਾਲ ਪੁੱਛੇ ਗਏ ਪਰ ਉਨ੍ਹਾਂ ਇਹ ਕਿਹਾ ਕਿ ਉਹ ਅੱਜ ਸਿਰਫ਼ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਅਤੇ ਅੱਗੇ ਨਤਮਸਤਕ ਹੋਣ ਲਈ ਹੀ ਆਏ ਹਨ ਤੇ ਅੱਜ ਉਹ ਕੋਈ ਸਿਆਸੀ ਗੱਲ ਨਹੀਂ ਕਰਨਗੇ। ਉਨ੍ਹਾਂ ਨਾਲ ਇਸ ਮੌਕੇ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਮੰਤਰੀ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਉਜਾਗਰ ਸਿੰਘ ਬਡਾਲੀ, ਹਰਵਿੰਦਰ ਸਿੰਘ ਖ਼ਾਲਸਾ, ਤਜਿੰਦਰ ਸਿੰਘ ਪੰਨੂੰ, ਸਰਬਜੀਤ ਸਿੰਘ ਜੰਮੂ, ਹਰਦੇਵ ਸਿੰਘ ਹਰਪਾਲਪੁਰ ਸਮੇਤ ਵੱਡੀ ਗਿਣਤੀ 'ਚ ਹੋਰ ਪਾਰਟੀ ਦੇ ਆਗੂ ਵੀ ਹਾਜ਼ਰ ਸਨ ।