ਗੁਰੂ ਨਾਨਕ ਦੇਵ ਯੂਨੀਵਰਸਟੀ ਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਤੇ ਸਾਇੰਸ ਖੋਜ ਸੰਸਥਾ ਵਿਚਕਾਰ ਸਮਝੌਤਾ
Wednesday, Dec 20, 2017 - 12:42 PM (IST)

ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਟੀ ਅਤੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਸਾਇੰਸ ਤੇ ਖੋਜ ਸੰਸਥਾ ਵਿਚਕਾਰ ਦੋ ਅਹਿਮ ਸਮਝੌਤੇ ਕੀਤੇ ਗਏ, ਜਿਨ੍ਹਾਂ ਤਹਿਤ ਇਹ ਦੋਵੇਂ ਸੰਸਥਾਵਾਂ ਮੈਡੀਕਲ ਖੇਤਰ ਨਾਲ ਸਬੰਧਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਇਕ ਦੂਜੇ ਨੂੰ ਸਹਿਯੋਗ ਦੇਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਟੀ ਜੋ ਕਿ 1969 ਵਿਚ ਹੋਂਦ ਵਿਚ ਆਈ ਸੀ। ਉਚੇਰੀ ਵਿੱਦਿਆ ਦੀ ਪੰਜਾਬ ਦੀ ਇਕ ਮਾਣਮੱਤੀ ਸੰਸਥਾ ਹੈ ਜਿਸ ਨੇ ਹੁਣ ਤੱਕ ਰਾਸ਼ਟਰ ਤੇ ਲੋਕਾਂ ਦੀ ਸੇਵਾ ਵਿਚ ਵੱਡਾਮੁੱਲਾ ਯੋਗਦਾਨ ਪਾਇਆ ਅਤੇ ਪਾ ਰਹੀ ਹੈ। ਯੁਨੀਵਰਸਟੀ ਵਿਚ ਬਹੁਤ ਸਾਰੇ ਅਜਿਹੇ ਵਿਭਾਗ ਹਨ ਜੋ ਮੈਡੀਕਲ ਖੇਤਰ ਨਾਲ ਸਬੰਧਤ ਖੋਜ ਤੇ ਪੜ੍ਹਾਈ ਕਰਵਾਉਂਦੇ ਹਨ। ਇਨ੍ਹਾਂ ਸਮਝੌਤਿਆਂ ਤਹਿਤ ਯੂਨੀਵਰਸਟੀ ਦੇ ਵਿਦਿਆਰਥੀ ਆਪਣੀ ਖੋਜ ਨਾਲ ਸਬੰਧਤ ਪ੍ਰੈਕਟੀਕਲ ਗੁਰੂ ਰਾਮ ਦਾਸ ਮੈਡੀਕਲ ਤੇ ਖੋਜ ਸੰਸਥਾ ਵਿਚ ਕਰ ਪਾਉਣਗੇ ਇਨ੍ਹਾਂ ਦੋਵਾਂ ਸੰਸਥਾਵਾਂ ਨੇ ਵਿਦਿਆਰਥੀਆਂ ਨੂੰ ਮੈਡੀਕਲ ਨਾਲ ਸਬੰਧਤ ਖੋਜ ਕਾਰਜ ਤੇ ਪੜ੍ਹਾਈ ਲਈ ਫੀਲਡ ਟ੍ਰੇਨਿੰਗ/ਇੰਟਰਨਸ਼ਿਪ ਅਤੇ ਹੋਸਟਲ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਸਮਝੌਤਾ ਕੀਤਾ ਹੈ।