ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿਰਫ ਐਗਜ਼ਿਟ ਕਲਾਸਾਂ ਦੇ ਇਮਤਿਹਾਨ ਲੈਣ ਦਾ ਐਲਾਨ

Sunday, May 31, 2020 - 06:33 PM (IST)

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿਰਫ ਐਗਜ਼ਿਟ ਕਲਾਸਾਂ ਦੇ ਇਮਤਿਹਾਨ ਲੈਣ ਦਾ ਐਲਾਨ

ਅੰਮ੍ਰਿਤਸਰ (ਮਮਤਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੋਵਿਡ 19 ਮਹਾਮਾਰੀ ਦੇ ਪਰਕੋਪ ਕਾਰਣ ਇਸ ਸਮੇਂ ਦੌਰਾਨ ਸਿਰਫ ਐਗਜ਼ਿਟ ਕਲਾਸਾਂ (ਫਾਈਨਲ ਕਲਾਸਾਂ) ਦੀਆਂ ਡਿਗਰੀਆਂ ਅਤੇ ਡਿਪਲੋਮਾ ਕੋਰਸਾਂ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। 'ਐਗਜ਼ਿਟ' ਕਲਾਸਾਂ ਦੇ ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੀਖਿਆ ਦਾ ਲਗਪਗ ਸਮਾਂ 1 ਜੁਲਾਈ ਤੋਂ 20 ਜੁਲਾਈ ਤੱਕ ਤੈਅ ਕੀਤਾ ਗਿਆ ਹੈ ਅਤੇ ਡੇਟਸ਼ੀਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋਫੈਸਰ ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਇੰਟਰਮੀਡੀਏਟ ਕਲਾਸਾਂ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਬਾਅਦ ਵਿਚ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਲਾਕਡਾਊਨ/ਕਰਫਿਊ ਲਗਾਏ ਜਾਣ ਤੋਂ ਪਹਿਲਾਂ 70 ਫੀਸਦ ਸਿਲੇਬਸ ਪੂਰਾ ਕਰ ਦਿੱਤਾ ਗਿਆ ਸੀ ਅਤੇ ਬਾਕੀ ਸਿਲੇਬਸ ਸੋਸ਼ਲ ਮੀਡੀਆ ਅਤੇ ਈ-ਪਲੇਟਫਾਰਮ ਦੀ ਸਹਾਇਤਾ ਨਾਲ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਰਾਹੀਂ ਪੂਰਾ ਕੀਤਾ ਗਿਆ ਹੈ। ਹਾਲਾਂਕਿ ਵਿਸ਼ਾ ਵਸਤੂ, ਸਮੱਗਰੀ ਅਤੇ ਸੰਚਾਰ ਦੇ ਮੱਦੇਨਜ਼ਰ ਆਨਲਾਈਨ ਅਧਿਆਪਨ ਨੂੰ ਕਲਾਸ ਦੇ ਦਰਸਾਏ ਅਧਿਆਪਨ ਦੇ ਬਰਾਬਰ ਸਮਝਿਆ ਨਹੀਂ ਜਾ ਸਕਦਾ ਪਰ ਕਲਾਸਰੂਮ ਦੀ ਸਿਖਲਾਈ ਦੀ ਬਜਾਏ ਆਨਲਾਈਨ ਅਧਿਆਪਨ ਦੀ ਇਸ ਸੀਮਾ ਨੂੰ ਧਿਆਨ ਵਿਚ ਰੱਖਦੇ ਹੋਏ, ਵਿਦਿਆਰਥੀਆਂ ਦੀ ਆਨਲਾਈਨ ਸਿਖਿਆ ਦੇ ਅਨੁਕੂਲ ਹੀ ਪ੍ਰਸ਼ਨ ਪੱਤਰ ਸਥਾਪਤ ਕਰਨ ਦਾ ਯਤਨ ਕੀਤਾ ਜਾਵੇਗਾ।

ਵਿਦਿਆਰਥੀਆਂ ਦੇ ਮਨਾਂ ਵਿਚ ਤਣਾਅ ਅਤੇ ਚਿੰਤਾ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਕਾਹਲੋਂ ਨੇ ਦੱਸਿਆ ਕਿ ਪਹਿਲਾਂ ਚਾਰ ਭਾਗਾਂ ਵਿਚ ਅੱਠ ਸਵਾਲ ਹੁੰਦੇ ਸਨ ਤੇ ਪੰਜ ਸਵਾਲ ਕਰਨੇ ਹੁੰਦੇ ਸਨ ਜੋ ਕਿ ਹਰ ਸੈਕਸ਼ਨ ਵਿਚੋਂ ਇਕ-ਇਕ ਸਵਾਲ ਦਾ ਜਵਾਬ ਦੇਣਾ ਲਾਜ਼ਮੀ ਸੀ ਅਤੇ ਪੰਜੇ ਸਵਾਲ ਕਿਸੇ ਵੀ ਭਾਗ ਵਿਚੋਂ ਕੀਤੇ ਜਾ ਸਕਦੇ ਸਨ ਪਰ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਅੱਠ ਸਵਾਲਾਂ ਵਿਚੋਂ ਕਿਸੇ ਵੀ ਚਾਰ ਸਵਾਲਾਂ ਦਾ ਜਵਾਬ ਕਿਸੇ ਵੀ ਭਾਗ ਵਿਚੋਂ ਜਵਾਬ ਦਿੱਤਾ ਜਾ ਸਕਦਾ ਹੈ ਅਤੇ ਹੁਣ ਪੰਜਾਂ ਦੀ ਥਾ ਚਾਰ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਅਤੇ ਇਮਤਿਹਾਨ ਦਾ ਸਮਾਂ ਵੀ ਘਟਾਅ ਕੇ ਦੋ ਘੰਟੇ ਰਹਿ ਜਾਵੇਗਾ।

ਇਹ ਸਹੂਲਤ ਕਲਾਸਰੂਮ ਸਿਖਲਾਈ ਦੀ ਗੈਰ-ਹਾਜ਼ਰੀ ਵਿਚ ਵਿਦਿਆਰਥੀਆਂ ਵਲੋਂ ਦਰਪੇਸ਼ ਸਮੱਸਿਆ ਨੂੰ ਦੂਰ ਕਰਨ ਵਿਚ ਸਹਾਇਤਾ ਕਰੇਗੀ ਅਤੇ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਪੈਦਾ ਹੋਈਆਂ ਹੋਰ ਮੁਸ਼ਕਲਾਂ ਦੇ ਮੱਦੇ ਨਜ਼ਰ ਹਰ ਦੋ ਘੰਟੇ ਦੇ ਦੋ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਇਕੱਠਿਆਂ ਕਰਨ ਦਾ ਪ੍ਰਸਤਾਵ ਹੈ ਕਿ ਚਾਰ ਘੰਟੇ ਦਾ ਇਕ ਨਿਰੰਤਰ ਸੈਸ਼ਨ ਬਣਾਇਆ ਜਾ ਸਕੇ ਤਾਂ ਜੋ ਪ੍ਰੀਖਿਆ ਕੇਂਦਰ ਵਿਚ ਵਿਦਿਆਰਥੀਆਂ ਦੇ ਆਉਣ ਦੀ ਗਿਣਤੀ ਨੂੰ ਅੱਧੇ ਕਰਕੇ ਘਟਾਅ ਦਿੱਤਾ ਜਾ ਸਕੇ, ਜਿਸ ਨਾਲ ਵਿਦਿਆਰਥੀਆਂ ਦੇ ਸੰਪਰਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਅਸਲ ਵਿਚ ਪ੍ਰਯੋਗਸ਼ਾਲਾਵਾਂ ਵਿਚ ਲਾਕਡਾਊਨ ਲਗਾਉਣ ਤੋਂ ਪਹਿਲਾਂ ਕੀਤੇ ਗਏ ਅਭਿਆਸਾਂ ਦੇ ਸਮੂਹ ਵਿਚੋਂ ਲਈਆਂ ਜਾਣ। ਸਰਕਾਰ ਵੱਲੋਂ ਜਾਰੀ ਮਾਪਦੰਡਾਂ 'ਤੇ ਬਚਾਅ ਦੇ ਤਰੀਕਿਆਂ ਨੂੰ ਧਿਆਨ ਵਿਚ ਰੱਖਦਿਆਂ ਇਮਤਿਹਾਨ ਸਵੱਛ ਵਾਤਾਵਰਣ ਵਿਚ ਸਮਾਜਕ ਦੂਰੀਆਂ ਦੀਆਂ ਸ਼ਰਤਾਂ ਦੀ ਪਾਲਣਾ ਕਰਦਿਆਂ ਉਮੀਦਵਾਰਾਂ ਵਿਚਾਲੇ 6 ਫੁੱਟ ਦੀ ਦੂਰੀ ਨਾਲ ਬੈਠਣ ਅਤੇ ਸੁਪਰਵਾਈਜ਼ਰਾਂ ਦੀ ਗਿਣਤੀ ਦੁੱਗਣੀ ਕਰਕੇ ਕਰਵਾਈ ਜਾਵੇਗੀ।


author

Gurminder Singh

Content Editor

Related News