''ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 5 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਜਾਵੇਗਾ''
Tuesday, Aug 20, 2019 - 03:06 PM (IST)
![''ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 5 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਜਾਵੇਗਾ''](https://static.jagbani.com/multimedia/2019_8image_15_06_37772747319gdpgoraya07copy.jpg)
ਬਟਾਲਾ (ਗੋਰਾਇਆ) : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਹ ਪੁਰਬ 5 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਜਾਵੇਗਾ। ਇਸ ਮੌਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਗੁ. ਡੇਹਰਾ ਸਾਹਿਬ ਅਤੇ ਗੁ. ਸਤਿਕਰਤਾਰੀਆਂ ਸਾਹਿਬ ਵਿਖੇ ਮਨਾਏ ਜਾ ਰਹੇ ਵਿਆਹ ਪੁਰਬ ਸਾਲਾਨਾ ਜੋੜ ਮੇਲੇ, ਗੁਰਦੁਆਰਾ ਡੇਹਰਾ ਸਾਹਿਬ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆ ਰਹੇ ਨਗਰ ਕੀਰਤਨ ਦੇ ਸਵਾਗਤ ਅਤੇ ਵਿਆਹ ਪੁਰਬ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਕ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਇਲਾਕੇ ਦੇ ਮੋਹਤਬਰਾਂ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਕੀਤੀ ਗਈ। ਮੀਟਿੰਗ 'ਚ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇ. ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਸਮੇਂ ਆਗੂਆਂ ਨੇ ਵਿਆਹ ਪੁਰਬ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਸੁਝਾਅ ਦਿੱਤੇ। ਇਸ ਮੌਕੇ ਜਥੇ. ਗੁਰਿੰਦਰਪਾਲ ਸਿੰਘ ਗੋਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਮੁੱਚੇ ਸਮਾਗਮਾਂ ਦੀ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਦੀਆਂ ਡਿਊਟੀਆਂ ਲਾਈਆਂ। ਉਨ੍ਹਾਂ ਦੱਸਿਆ ਕਿ ਵਿਆਹ ਪੁਰਬ ਦੀ ਖੁਸ਼ੀ 'ਚ 4 ਸਤੰਬਰ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਪਹੁੰਚੇਗਾ ਅਤੇ 5 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਦੇ ਸਹੁਰਾ ਘਰ ਗੁ. ਡੇਹਰਾ ਸਾਹਿਬ ਬਟਾਲਾ ਤੋਂ ਮਹਾਨ ਨਗਰ ਕੀਰਤਨ ਸਵੇਰੇ 8 ਵਜੇ ਆਰੰਭ ਹੋਵੇਗਾ। ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਕਿਹਾ ਕਿ ਵਿਆਹ ਪੁਰਬ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ ਅਤੇ ਵਿਆਹ ਪੁਰਬ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਬਲਬੀਰ ਸਿੰਘ ਬਿੱਟੂ ਜ਼ਿਲਾ ਪ੍ਰਧਾਨ ਸ਼ਹਿਰੀ ਅਕਾਲੀ ਜਥਾ ਅਤੇ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ ਨੇ ਪ੍ਰਸ਼ਾਸਨ ਦੀ ਸ਼ਖਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਬਟਾਲਾ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹਨ, ਸ਼ਹਿਰ 'ਚ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜੇਕਰ ਸਰਕਾਰ ਨੇ ਬਟਾਲੇ ਦੀਆਂ ਸੜਕਾਂ ਵੱਲ ਧਿਆਨ ਨਾ ਦਿੱਤਾ ਤਾਂ ਵਿਆਹ ਪੁਰਬ ਤੋਂ ਪਹਿਲਾਂ ਸਮੁੱਚੀ ਸੰਗਤ ਨਾਲ ਸਰਕਾਰ ਖਿਲਾਫ ਧਰਨਾ ਲਗਾਵਾਂਗੇ।