ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ : ਜਸਵੰਤ ਸਿੰਘ ਜ਼ਫ਼ਰ

Friday, May 01, 2020 - 06:21 PM (IST)

ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ : ਜਸਵੰਤ ਸਿੰਘ ਜ਼ਫ਼ਰ

ਜਸਵੰਤ ਸਿੰਘ ਜ਼ਫ਼ਰ

ਗੁਰੂ ਨਾਨਕ ਬਾਣੀ ਵਿਚ ਪ੍ਰਸਤੁਤ ਬ੍ਰਹਿਮੰਡੀ ਚੇਤਨਾ, ਚੌਗਿਰਦਾ ਬੋਧ ਅਤੇ ਸਵੈ ਸੋਝੀ ਇਕ ਦੂਸਰੇ ਵਿਚ ਰਚੇ ਮਿਚੇ ਜਾਂ ਘੁਲੇ ਮਿਲੇ ਹਨ। ਇਕ ਹੀ ਚਿੰਤਨ-ਵਿਸ਼ੇ ਦੇ ਪਾਸਾਰ ਹਨ। ਸਾਡਾ ਚੌਗਿਰਦਾ ਸਮੁੱਚੀ ਸ੍ਰਿਸ਼ਟੀ ਦਾ ਨਿੱਕਾ ਜਿਹਾ ਪਰ ਅਨਿਖੜਵਾਂ ਭਾਗ ਹੈ ਅਤੇ ਅੱਗੋਂ ਮਨੁੱਖ ਵੀ ਇਸ ਚੌਗਿਰਦੇ 'ਤੇ ਨਿਰਭਰ ਅਤੇ ਇਸ ਦਾ ਨਿੱਕਾ ਜਿਹਾ ਅੰਗ ਹੈ:

ਜੋ ਬ੍ਰਹਮੰਡਿ ਖੰਡਿ ਸੋ ਜਾਣਹੁ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ॥ (1041, ਮ. 1)

ਬਾਈਬਲ ਅਨੁਸਾਰ ਪ੍ਰਮਾਤਮਾ ਨੇ ਪਹਿਲਾਂ ਸਭ ਤਰ੍ਹਾਂ ਦੇ ਜੀਵ ਜੰਤੂਆਂ ਦਾ ਇਕ-ਇਕ ਨਰ-ਮਾਦਾ ਜੋੜਾ ਧਰਤੀ 'ਤੇ ਭੇਜਿਆ ਸੀ। ਮਨੁੱਖਾਂ ਦੀ ਉਤਪਤੀ ਬਾਬੇ ਆਦਮ ਅਤੇ ਬੇਬੇ ਹੱਵਾ ਦੇ ਆਦਿ ਜੋੜੇ ਤੋਂ ਆਰੰਭ ਹੋਈ ਦੱਸੀ ਗਈ ਹੈ। ਪਰ ਗੁਰੂ ਨਾਨਕ ਅਨੁਸਾਰ ਧਰਤੀ 'ਤੇ ਸਹਿਜੇ-ਸਹਿਜੇ ਵਿਕਸਤ ਹੋਈਆਂ ਜੀਵਨ ਹਾਲਤਾਂ ਕਾਰਨ ਜੀਵਨ ਦਾ ਰੌਣਕ ਮੇਲਾ ਬਣਿਆ ਹੈ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ 
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (19, ਮ. 1)

ਆਦਿ-ਸ਼ਕਤੀ ਤੋਂ ਪੌਣ ਭਾਵ ਵੱਖ-ਵੱਖ ਗੈਸਾਂ ਬਣੀਆਂ। ਕੁਝ ਗੈਸਾਂ ਦੀ ਆਪਸੀ ਕਿਰਿਆ ਨਾਲ ਪਾਣੀ ਬਣਿਆ। ਪਾਣੀ ਕਾਰਨ ਹੀ ਸਾਰੀ ਬਨਸਪਤੀ ਹੋਂਦ ਵਿਚ ਆਈ। ਫਿਰ ਅਣਗਿਣਤ ਭਾਂਤ ਦੇ ਜੀਵ-ਜੰਤੂ ਪੈਦਾ ਹੋਣ ਅਤੇ ਵਿਕਸਤ ਹੋਣ ਲੱਗੇ। ਧਰਤੀ 'ਤੇ ਜੀਵਨ ਦਾ ਮੁੱਢ ਪਾਣੀ ਕਾਰਨ ਬੱਝਾ ਹੈ:

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472, ਮ. 1)

ਜੀਵਨ ਦਾ ਕੇਵਲ ਮੁੱਢ ਹੀ ਪਾਣੀ ਨਾਲ ਨਹੀਂ ਬੱਝਾ ਸਗੋਂ ਧਰਤੀ 'ਤੇ ਜੀਵਨ ਹੋਂਦ ਤਦ ਤੱਕ ਬਰਕਰਾਰ ਹੈ ਜਦ ਤੱਕ ਇਥੇ ਪਾਣੀ ਹੈ। ਦੂਸਰੇ ਗ੍ਰਹਿਆਂ ਜਾਂ ਉਪਗ੍ਰਹਿਆਂ 'ਤੇ ਜੀਵਨ ਸੰਭਾਵਨਾਵਾਂ ਦਾ ਪਤਾ ਪਾਉਣ ਲਈ ਪਹਿਲਾਂ ਉਥੇ ਪਾਣੀ ਦੀ ਹੋਂਦ ਦੀ ਸੰਭਾਵਨਾ ਦਾ ਪਤਾ ਲਾਇਆ ਜਾਂਦਾ ਹੈ। ਜੀਵਾਂ ਦੀ ਉਤਪਤੀ ਸਵਰਗ ਤੋਂ ਧਰਤੀ 'ਤੇ ਲਿਆ ਕੇ ਰੱਖੇ ਮੁਢਲੇ ਨਰ-ਮਾਦਾ ਜੋੜਿਆਂ ਨਾਲ ਨਹੀਂ ਸਗੋਂ ਜੀਵਨ ਅਨੁਕੂਲ ਹਾਲਤਾਂ ਵਿਚ ਮਿੱਟੀ ਅਤੇ ਪਾਣੀ ਦੇ ਸੰਜੋਗ ਨਾਲ ਹੋਈ ਹੈ। ਧਰਤੀ ਨੂੰ ਗੁਰੂ ਨਾਨਕ ਨੇ ਸਮੁੱਚੇ ਜੀਵਨ ਪਸਾਰੇ ਦੀ ਮਾਂ ਅਤੇ ਪਾਣੀ ਨੂੰ ਪਿਓ ਕਿਹਾ ਹੈ:

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ (1240, ਮ. 1)

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (8, ਮ. 1)

ਮਾਤਾ ਦੇ ਅੰਡੇ ਦਾ ਅਤੇ ਪਿਤਾ ਦੇ ਬਿੰਦ ਦਾ ਚੋਖਾ ਭਾਗ ਪਾਣੀ ਹੀ ਹੁੰਦਾ ਹੈ ਅਤੇ ਦੋਵਾਂ ਦੇ ਸੰਯੋਗ ਨਾਲ ਬਣਨ ਵਾਲਾ ਮੁੱਢਲਾ ਭਰੂਣ ਵੀ ਪਾਣੀ ਕਾਰਨ ਤਰਲ ਰੂਪ ਹੁੰਦਾ ਹੈ। ਸਾਡੇ ਸਰੀਰ ਦਾ 60-70 ਫ਼ੀਸਦੀ ਭਾਗ ਪਾਣੀ ਹੈ। ਸਾਡੀ ਵਰਤੋਂ ਵਿਚ ਆਉਂਦੀਆਂ ਬਹੁਤੀਆਂ ਫਸਲਾਂ ਵਾਂਗ ਮਨੁੱਖ ਵੀ ਪਾਣੀ ਨਾਲ ਹੀ ਪੈਦਾ ਹੁੰਦਾ, ਪਲਦਾ ਅਤੇ ਜਿਉਂਦਾ ਰਹਿੰਦਾ ਹੈ। ਮਨੁੱਖੀ ਸਰੀਰ ਦੇ ਆਪਣੇ ਚੌਗਿਰਦੇ ਨਾਲ ਸਬੰਧ ਨੂੰ ਸਹੀ ਤਰ੍ਹਾਂ ਨਾ ਸਮਝਣ ਵਾਲੇ ਪਾਂਡੇ ਨੂੰ ਗੁਰੂ ਨਾਨਕ ਦੱਸਦੇ ਹਨ:

ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥ (1290, ਮ. 1)

ਤੋਆ ਭਾਵ ਪਾਣੀ, ਤੋਇਅਹੁ ਭਾਵ ਪਾਣੀ ਤੋਂ। ਨਾਨਕ ਬਾਣੀ ਵਿਚ ਪਾਣੀ ਕਹਿੰਦਾ ਹੈ ਕਿ ਜਿਥੇ ਮਨੁੱਖ ਲਈ ਬਹੁਤ ਸਾਰੇ ਗੁਣਕਾਰੀ ਜਾਂ ਲਾਭਦਾਇਕ ਰਸ ਜਾਂ ਤਰਲ ਪਦਾਰਥ ਮੇਰੇ ਤੋਂ ਬਣੇ ਹਨ ਉਥੇ ਵਿਕਾਰ ਪੈਦਾ ਕਰਨ ਵਲੇ ਰਸਾਂ ਦਾ ਆਧਾਰ-ਪਦਾਰਥ ਵੀ ਮੈਂ ਹੀ ਹਾਂ:

PunjabKesari

ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥ (1290, ਮ. 1)

ਪਾਣੀ ਨਾਲ ਜੀਵਨ ਦੇ ਅਜਿਹੇ ਰਿਸ਼ਤੇ ਕਾਰਨ ਹੀ ਵੱਖ-ਵੱਖ ਸੱਭਿਆਤਾਵਾਂ ਅਤੇ ਵੱਡੇ-ਵੱਡੇ ਨਗਰਾਂ ਦਾ ਦਾ ਜਨਮ ਤੇ ਵਿਕਾਸ ਦਰਿਆਵਾਂ ਜਾਂ ਹੋਰ ਕੁਦਰਤੀ ਜਲ ਭੰਡਾਰਾਂ ਦੇ ਕਿਨਾਰਿਆ 'ਤੇ ਹੋਇਆ। ਜਿਨ੍ਹਾਂ ਖਿੱਤਿਆਂ ਵਿਚ ਸ਼ਹਿਰਾਂ ਦੀ ਗੰਦਗੀ ਅਤੇ ਸਨਅਤ ਦੀ ਜ਼ਹਿਰੀਲੀ ਰਹਿੰਦ ਖੂੰਹਦ ਨਾਲ ਦਰਿਆ ਮਰ ਰਹੇ ਹਨ ਜਾਂ ਮਰ ਗਏ ਹਨ ਉਥੇ ਧਰਤੀ ਹੇਠਲਾ ਪਾਣੀ ਵੀ ਪੀਣਯੋਗ ਨਹੀਂ ਰਿਹਾ ਹੈ, ਜੀਵਾਂ ਦੀਆਂ ਅਣਗਿਣਤ ਪ੍ਰਜਾਤੀਆਂ ਖਤਮ ਹੋ ਗਈਆਂ ਹਨ, ਮਨੁੱਖ ਭਿਆਨਕ ਅਤੇ ਮਾਰੂ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੀ ਸਭ ਤੋਂ ਉਘੜਵੀਂ ਮਿਸਾਲ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਲੁਧਿਆਣੇ ਦਾ ਬੁੱਢਾ ਦਰਿਆ ਹੈ।
ਧਰਤੀ ਉਤੇ ਜੀਵਾਂ ਦੇ ਪੈਦਾ ਹੋਣ ਤੋਂ ਪਹਿਲਾਂ ਹਰਾ ਭਰਾ ਚੌਗਿਰਦਾ ਹੋਂਦ ਵਿਚ ਆਇਆ। ਹਰੀ ਭਰੀ ਬਨਸਪਤੀ ਦੇ ਪੱਤਿਆਂ ਦੇ ਫੋਟੋ ਸਿੰਥੇਸਜ਼ ਨਾਲ ਪੈਦਾ ਹੋਣ ਵਾਲੀ ਆਕਸੀਜਨ ਮਨੁੱਖਾਂ ਅਤੇ ਹੋਰ ਪ੍ਰਾਣੀਆਂ ਦੇ ਸਾਹ ਲੈਣ ਲਈ ਮੁਹੱਈਆ ਹੋਣ ਲੱਗੀ। ਦੂਜੇ ਲਫ਼ਜ਼ਾਂ ਵਿਚ ਰੁੱਖਾਂ, ਵੇਲਾਂ, ਬੂਟਿਆਂ ਦੀ ਹਰਿਆਵਲ ਸਾਡੇ ਪ੍ਰਾਣਾਂ ਦਾ ਸਬੱਬ ਹੈ। ਇਸੇ ਲਈ ਗੁਰੂ ਨਾਨਕ ਧਰਤੀ ਉਤਲੇ ਸਮੁੱਚੇ ਜੀਵਨ ਦੇ ਪੈਦਾ ਹੋਣ ਨੂੰ ਹਰਿਆ ਹੋਣਾ ਆਖਦੇ ਹਨ। ਸਰੀਰਾਂ ਅਤੇ ਮਨਾਂ ਦੀ ਨਿਰੋਈ ਸਿਹਤ ਲਈ ਵੀ ਹਰਿਆਵਲ ਦਾ ਚਿੰਨ੍ਹ ਵਰਤਦੇ ਹਨ:

ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ॥ 
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ॥ (24, ਮ. 1)

ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ॥ (1240, ਮ. 1)

ਇਸ ਤਰ੍ਹਾਂ ਗੁਰੂ ਨਾਨਕ ਚੌਗਿਰਦੇ ਬਾਰੇ ਪਹਿਲਾ ਬੋਧ ਇਹ ਕਰਾਉਂਦੇ ਹਨ ਕਿ ਮਨੁੱਖ ਧਰਤੀ ਦਾ ਮਾਲਕ ਨਹੀਂ ਸਗੋਂ ਧਰਤੀ ਦੀ ਸੰਤਾਨ ਹੈ। ਇਸ ਹਿਸਾਬ ਨਾਲ ਬਾਕੀ ਜੀਵ ਜੰਤੂ ਮਨੁੱਖ ਦੇ ਗੁਲਾਮ ਨਹੀਂ ਸਗੋਂ ਸਹਾਇਕ ਹਨ ਜਾਂ ਭੈਣ ਭਾਈ ਹਨ। ਹੋਰ ਜੀਵਾਂ ਵਾਂਗ ਮਨੁੱਖ ਵੀ ਚੌਗਿਰਦੇ ਦੀਆਂ ਜੀਵਨ ਅਨੁਕੂਲ ਹਾਲਤਾਂ ਦੀ ਉਪਜ ਹੈ। ਮਨੁੱਖੀ ਹੋਂਦ ਧਰਤੀ ਦੇ ਢੁੱਕਵੇਂ ਤਾਪਮਾਨ ਅਤੇ ਇਸ ਦੇ ਜਲਵਾਯੂ ਕਾਰਨ ਹੈ। ਅਸੀਂ ਆਪਣੇ ਚੌਗਿਰਦੇ ਜਾਂ ਵਾਤਾਵਰਣ ਨਾਲੋਂ ਵੱਖਰੇ ਨਹੀਂ ਸਗੋਂ ਇਸ ਨਾਲ ਸਾਡੀ ਸਹਿਹੋਂਦ ਹੈ। ਚੌਗਿਰਦੇ ਦੀਆਂ ਜੀਵਨ ਹਾਲਤਾਂ ਵਿਚ ਵਿਗਾੜ ਪਾਉਣ ਦਾ ਮਤਲਬ ਹੈ ਜੀਵਨ ਹੋਂਦ ਲਈ ਖ਼ਤਰਾ ਪੈਦਾ ਕਰਨਾ:

ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ॥
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ॥ (1153, ਮ. 1)

ਸਾਡੀਆਂ ਖੁਰਾਕੀ ਅਤੇ ਹੋਰ ਸਾਰੀਆਂ ਭੌਤਿਕ ਲੋੜਾਂ ਦੀ ਪੂਰਤੀ ਦਾ ਸੋਮਾ ਧਰਤੀ ਹੈ। ਮਨੁੱਖ ਨੂੰ ਸਾਰੇ ਪਦਾਰਥ ਧਰਤੀ ਤੋਂ ਪ੍ਰਾਪਤ ਹੁੰਦੇ ਹਨ। ਜਨਮ ਤੋਂ ਪਹਿਲਾਂ ਮਨੁੱਖ ਦਾ ਸਰੀਰ ਮਾਂ ਦੁਆਰਾ ਖਾਧੀ ਧਰਤੀ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਪੈਦਾ ਹੋਈ ਖੁਰਾਕ, ਪੀਣ ਵਾਲੇ ਪਾਣੀ ਅਤੇ ਸਾਹਾਂ ਨਾਲ ਹਵਾ 'ਚੋਂ ਰੁੱਖਾਂ ਦੁਆਰਾ ਛੱਡੀ ਆਕਸੀਜਨ ਲੈਣ ਨਾਲ ਬਣਦਾ ਹੈ। ਭਾਵ ਮਨੁੱਖੀ ਸਰੀਰ ਸਿਹਤਮੰਦ ਚੌਗਿਰਦੇ ਦੀ ਸੰਤੁਲਤ ਭਾਗੀਦਾਰੀ ਨਾਲ ਹੋਂਦ ਗ੍ਰਹਿਣ ਕਰਦਾ ਹੈ। ਜਨਮ ਤੋਂ ਬਾਅਦ ਵੀ ਮਨੁੱਖੀ ਸਰੀਰ ਭੋਜਨ, ਹਵਾ ਤੇ ਪਾਣੀ ਅਰਥਾਤ ਆਪਣੇ ਚੌਗਿਰਦੇ ਦੇ ਆਸਰੇ ਵਿਕਸਤ ਹੁੰਦਾ ਅਤੇ ਬਣਿਆਂ ਰਹਿੰਦਾ ਹੈ। ਪਰ ਸਨਅਤੀਕਰਨ, ਪੂੰਜੀਵਾਦ ਅਤੇ ਉਪਭੋਗਤਾਵਾਦ ਦੇ ਰਲੇਵੇਂ ਜਾਂ ਸਾਂਝੇ ਪ੍ਰਭਾਵ ਕਾਰਨ ਮਨੁੱਖ ਕੁਦਰਤ ਦੀ ਸਾਊ ਸੰਤਾਨ ਬਣ ਕੇ ਇਸ ਦੀਆਂ ਵਿਸ਼ਾਲ ਬਰਕਤਾਂ ਨੂੰ ਖਾਣ ਖਰਚਣ ਅਤੇ ਮਾਨਣ ਦੀ ਬਜਾਏ ਹਾਬੜਿਆਂ ਜਾਂ ਹਲ਼ਕਿਆਂ ਵਾਂਗ ਮੁਕਾਉਣ ਅਤੇ ਨਸ਼ਟ ਕਰਨ ਲੱਗਾ ਹੋਇਆ ਹੈ। ਇਹ ਧਰਤੀ ਦੀ ਪੈਦਾਵਾਰ ਨਾਲ ਸਬਰ ਨਾ ਕਰਦਾ ਹੋਇਆ ਧਰਤੀ ਨੂੰ ਹੀ ਖਾਣ ਲੱਗਾ ਹੈ। ਵਿਕਾਸ ਨਾਂ ਦੀ ਇਸ ਦੌੜ ਨਾਲ ਆਪਣੇ ਲਈ ਵੱਡੇ ਪੱਧਰ ਤੇ ਬਿਮਾਰੀਆਂ, ਬੇਚੈਨੀਆਂ, ਪਰੇਸ਼ਾਨੀਆਂ ਆਦਿ ਸਹੇੜ ਰਿਹਾ ਹੈ। ਇਸ ਸਥਿਤੀ ਪ੍ਰਥਾਏ ਗੁਰੂ ਨਾਨਕ ਦਾ ਕਥਨ ਬਹੁਤ ਢੁੱਕਵਾਂ ਅਤੇ ਦਿਲਚਸਪ ਹੈ। ਆਪ ਆਖਦੇ ਹਨ ਕਿ ਸ੍ਰਿਸ਼ਟੀ ਦੇ ਹੋਰ ਪਸਾਰਿਆਂ ਅਤੇ ਵਰਤਾਰਿਆਂ ਵਾਂਗ ਹਰ ਘਰ ਦਾ ਚੁੱਲ੍ਹਾ ਵੀ ਕੁਦਰਤੀ ਨਿਯਮਾਂ ਦੀ ਪਹਿਰੇਦਾਰੀ ਅਧੀਨ ਬਲ਼ਦਾ ਹੈ:

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥ (1190, ਮ. 1)

PunjabKesari

ਧਰਤੀ ਈਸ਼ਵਰ ਜਾਂ ਕੁਦਰਤ ਵਲੋਂ ਆਪਣੇ ਸਭ ਜੀਵਾਂ ਨੂੰ ਇਕੋ ਵਾਰੀ ਵਿਚ ਬਖਸ਼ੀ ਵਿਸ਼ਾਲ ਦੇਗ ਭਾਵ ਭੋਜਨ ਨਾਲ ਭਰੇ ਬਰਤਣ ਵਾਂਗ ਹੈ:

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥

ਪਰ ਕੁਦਰਤ ਦੀਆਂ ਦਾਤਾਂ ਨੂੰ ਖਾਣ ਖਰਚਣ ਵਾਲਾ ਮਨੁੱਖ ਸਬਰ ਸੰਤੋਖ ਵਲੋਂ ਕੋਰਾ ਹੇ, ਖਾ ਕੇ ਰੱਜਣ ਦੀ ਬਜਾਏ ਉਸ ਦੀ ਭੁੱਖ ਅੱਗੇ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ। ਮਨੁੱਖ ਦੀ ਮੰਗਤਿਆਂ ਵਾਲੀ ਅਜਿਹੀ ਬਿਰਤੀ ਉਸ ਨੂੰ ਖੁਆਰ ਕਰ ਰਹੀ ਹੈ:

ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ॥ 

ਇੰਜ ਮਨੁੱਖ ਲਾਲਚ ਦੀ ਹਨੇਰੀ ਕੈਦ ਵਿਚ ਬੰਦ ਹੋ ਗਿਆ ਹੈ ਅਤੇ ਉਸਦੇ ਪੈਰੀਂ ਔਗੁਣਾਂ ਦੀਆਂ ਜੰਜੀਰਾਂ ਪੈ ਗਈਆਂ ਹਨ:

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥ (1191, ਮ. 1)

ਗੁਰੂ ਨਾਨਕ ਜਿਥੇ ਮਨੁੱਖ ਨੂੰ ਆਪਣੇ ਚੌਗਿਰਦੇ ਦੀ ਉਪਜ ਅਤੇ ਅੰਗ ਮੰਨਦੇ ਹਨ ਉਥੇ ਹੋਰ ਸਭ ਕਾਸੇ ਦੇ ਨਾਲ ਨਾਲ ਚੌਗਿਰਦੇ ਦੇ ਸਾਰੇ ਅੰਗਾਂ ਭਾਵ ਪੌਣ, ਪਾਣੀ, ਧਰਤੀ, ਅਗਨੀ ਆਦਿ ਨੂੰ ਕੁਦਰਤ ਆਖਦੇ ਹਨ। ਇਨ੍ਹਾਂ ਸਾਰੇ ਅੰਗਾਂ ਜਾਂ ਸਮੁੱਚੀ ਕੁਦਰਤ ਦਾ ਮਾਲਕ ਮਨੁੱਖ ਨਹੀਂ ਸਗੋਂ ਉਹ ਕਰਤਾਰ ਹੈ ਜਿਸ ਨੇ ਇਸ ਨੂੰ ਸਿਰਜਿਆ ਹੈ। ਇਹ ਅੰਗ ਉਸ ਦੇ ਅਟੱਲ ਨਿਯਮਾਂ ਦੇ ਤਹਿਤ ਬਣਦੇ, ਮਿਲਦੇ, ਜੁੜਦੇ, ਵਟਦੇ, ਟੁੱਟਦੇ, ਵਿਗਸਦੇ, ਬਿਨਸਦੇ ਹਨ। ਗੁਰੂ ਨਾਨਕ ਨੂੰ ਸਾਰਾ ਚੌਗਿਰਦਾ ਨਿਰਧਾਰਤ ਆਰਡਰ ਤਹਿਤ ਗਤੀਸ਼ੀਲ ਦਿਖਾਈ ਦਿੰਦਾ ਹੈ:

ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ 
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ 
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥ (464, ਮ. 1)

ਇਸ ਕੁਦਰਤ ਦਾ ਕਰਤਾ ਪ੍ਰਭੂ ਇਸ ਵਿਚ ਰਸਿਆ ਵਸਿਆ ਹੋਇਆ ਹੈ, ਕੁਦਰਤ ਕਰਤੇ ਦਾ ਆਪਾ ਹੈ। 

ਕੁਦਰਤਿ ਕਰਿ ਕੈ ਵਸਿਆ ਸੋਇ॥ (83, ਮ. 1)

ਦੂਜੇ ਸ਼ਬਦਾਂ ਵਿਚ ਕੁਦਰਤ ਅਦਿੱਖ ਪ੍ਰਭੂ ਦਾ ਦਿਖਾਈ ਦਿੰਦਾ ਰੂਪ ਹੈ:

ਆਪਿ ਅਲੇਖੁ ਕੁਦਰਤਿ ਹੈ ਦੇਖਾ॥ (1042, ਮ. 1)

ਇਸ ਲਈ ਆਪ ਇਸ ਕੁਦਰਤ ਦੀ ਬੇਅੰਤਤਾ, ਵਿਸ਼ਾਲਤਾ, ਵੰਨ-ਸੁਵੰਨਤਾ, ਇਕਸੁਰਤਾ, ਅਨਮੋਲਤਾ, ਪਾਲਣਹਾਰਤਾ, ਸਵੈ ਸੰਚਾਲਕਤਾ ਆਦਿ ਪ੍ਰਤੀ ਵਾਰ ਵਾਰ ਵਿਸਮਾਦੀ ਅਸਚਰਜਤਾ ਅਤੇ ਬਲਿਹਾਰਤਾ ਦਾ ਪ੍ਰਗਟਾਵਾ ਕਰਦੇ ਹਨ। 

ਬੇਅੰਤਤਾ:  ਕੁਦਰਤਿ ਕਵਣ ਕਹਾ ਵੀਚਾਰੁ॥ 
ਵਾਰਿਆ ਨ ਜਾਵਾ ਏਕ ਵਾਰ॥ (3, ਮ. 1)

ਬਲਿਹਾਰੀ ਕੁਦਰਤਿ ਵਸਿਆ॥ 
ਤੇਰਾ ਅੰਤੁ ਨ ਜਾਈ ਲਖਿਆ॥ (469, ਮ. 1)

ਵੰਨ-ਸੁਵੰਨਤਾ:  ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ (596, ਮ. 1)

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ (18, ਮ. 1)

ਇਕਸੁਰਤਾ:  ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥ 
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥ (596, ਮ. 1)

ਸਵੈ-ਸੰਚਾਲਕਤਾ: ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ (53, ਮ. 1) 

ਅਨਮੋਲਤਾ: ਕੁਦਰਤਿ ਹੈ ਕੀਮਤਿ ਨਹੀ ਪਾਇ॥ 
ਜਾ ਕੀਮਤਿ ਪਾਇ ਤ ਕਹੀ ਨ ਜਾਇ॥ (84, ਮ. 1)

ਕਹਣਾ ਹੈ ਕਿਛੁ ਕਹਣੁ ਨ ਜਾਇ॥ 
ਤਉ ਕੁਦਰਤਿ ਕੀਮਤਿ ਨਹੀ ਪਾਇ॥ (151, ਮ. 1)

ਗੁਰੂ ਨਾਨਕ ਵਿਚਾਰਧਾਰਾ ਮਨੁੱਖਾਂ ਦੇ ਚੌਗਿਰਦੇ ਨਾਲ, ਜਿਸ ਤਰ੍ਹਾਂ ਦੇ ਨੇੜਤਾ ਅਤੇ ਇਕਸੁਰਤਾ ਭਰੇ ਸਬੰਧਾਂ 'ਤੇ ਜ਼ੋਰ ਦਿੰਦੀ ਹੈ, ਗੁਰੂ ਨਾਨਕ ਦੇ ਚੌਗਿਰਦੇ ਨਾਲ ਬਿਲਕੁਲ ਓਹੋ ਜਿਹੇ ਆਪਣੇ ਸਬੰਧਾਂ ਦੇ ਪ੍ਰਮਾਣ ਉਨ੍ਹਾਂ ਦੀ ਰਚਨਾ ਵਿਚ ਥਾਂ ਪੁਰ ਥਾਂ ਮਿਲਦੇ ਹਨ। ਉਹ ਆਪਣੇ ਚਿੰਤਨ ਦਾ ਪ੍ਰਗਟਾਵਾ ਜਾਂ ਸੰਚਾਰ ਆਪਣੇ ਨੇੜਲੇ ਚੌਗਿਰਦੇ ਦੀਆਂ ਉਦਾਹਰਣਾਂ ਨਾਲ ਕਰਦੇ ਹਨ :

ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ॥
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ॥ 
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ॥ 
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ॥
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ॥  
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ॥ (157, ਮ. 1)

ਗੁਰਮੁਖਿ ਨਿਰਮਲ ਰਹਹਿ ਪਿਆਰੇ॥ 
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ॥ (353, ਮ. 1)

ਚੌਗਿਰਦੇ ਦਾ ਹਰ ਦ੍ਰਿਸ਼ ਗੁਰੂ ਨਾਨਕ ਦੀਆਂ ਖੁੱਲ੍ਹੀਆਂ ਅੱਖਾਂ ਥਾਣੀਂ ਉਨ੍ਹਾਂ ਅੰਦਰ ਲੰਘ ਕੇ ਉਨ੍ਹਾਂ ਦੇ ਚਿੱਤ ਵਿਚ ਕਿੰਨਾ ਗਹਿਰਾ ਵਸਿਆ ਰਸਿਆ ਹੈ। ਇਸ ਦਾ ਅਨੁਮਾਨ ਉਨ੍ਹਾਂ ਦੀ ਤੁਖਾਰੀ ਰਾਗ ਵਿਚ ਉਚਾਰੀ ਬਾਣੀ ਬਾਹਰਾਮਹਾ ਤੋਂ ਲਾਇਆ ਜਾ ਸਕਦਾ ਹੈ। ਆਪ ਚੌਗਿਰਦੇ ਵਿਚ ਵਸੀ ਦਿੱਬਤਾ ਦਾ ਬੋਧ ਕਰਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1107 ਤੋਂ 1109 ਤੱਕ ਦਰਜ, ਇਸ ਬਾਣੀ ਵਿਚ ਰੁੱਖਾਂ, ਟਾਹਣੀਆਂ, ਫੁੱਲਾਂ, ਪੱਤਿਆਂ, ਪਸ਼ੂ, ਪੰਛੀਆਂ, ਕੀੜੇ ਮਕੌੜਿਆਂ, ਬੱਦਲਾਂ, ਗਰਮੀ, ਸਰਦੀ, ਬਾਰਿਸ਼ ਅਤੇ ਹੋਰ ਭੂ-ਦ੍ਰਿਸ਼ਾਂ ਦਾ ਭਰਪੂਰ ਚਿਤਰਨ ਹੋਇਆ ਹੈ:

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥ (1107, ਮ. 1)
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ॥ 
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥ 
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥ 
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥ 
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥ 
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥ 
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥ 
ਵੈਸਾਖੁ ਭਲਾ ਸਾਖਾ ਵੇਸ ਕਰੇ॥ 
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥ 
ਆਸਾੜੁ ਭਲਾ ਸੂਰਜੁ ਗਗਨਿ ਤਪੈ॥ 
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥ 
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ 
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥ 
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥ 
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥ 
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ 
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥ 
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥ 
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥ (1109, ਮ. 1)

ਇਸ ਵੇਲੇ ਸਾਡੇ ਲਈ ਸਭ ਤੋਂ ਗੰਭੀਰ ਮਸਲਾ ਵਾਤਾਵਰਣ ਦੇ ਪਲੀਤ ਹੋਣ ਦਾ ਹੈ। ਵਾਤਾਵਰਣ ਦਾ ਇਹ ਮਸਲਾ ਮਨੁੱਖ ਦੇ ਕੁਦਰਤ ਨਾਲ ਸਬੰਧਾਂ ਨੂੰ ਦਰੁਸਤ ਕਰਨ ਨਾਲ ਹੀ ਨਜਿੱਠਿਆ ਜਾਣਾ ਹੈ। ਮਨੁੱਖ ਜਾਤੀ ਦੇ ਹੰਢਣਸਾਰ ਵਿਸਮਾਦੀ ਵਿਗਾਸ ਲਈ ਇਸ ਦਾ ਆਪਣੇ ਚੌਗਿਰਦੇ ਜਾਂ ਕੁਦਰਤ ਨਾਲ ਕਿਸ ਤਰ੍ਹਾਂ ਦਾ ਸਬੰਧ ਹੋਵੇ ਗੁਰੂ ਨਾਨਕ ਬਾਣੀ ਇਸ ਦਾ ਭਰਵਾਂ ਬੋਧ ਕਰਾਉਂਦੀ ਹੈ। 

#28, ਬਸੰਤ ਵਿਹਾਰ, ਜਵੱਦੀ, ਲੁਧਿਆਣਾ 
9646101116
jaszafar@yahoo.com


author

rajwinder kaur

Content Editor

Related News