ਖਹਿਰਾ ਤੋਂ ਬਾਅਦ ਹੁਣ ਸਿਸੋਦੀਆ ਕਰਨਗੇ ਪੰਜਾਬ ''ਚ ਸ਼ਕਤੀ ਪ੍ਰਦਰਸ਼ਨ

Wednesday, Aug 01, 2018 - 06:53 PM (IST)

ਜਲੰਧਰ (ਰਮਨਦੀਪ ਸੋਢੀ) : ਸੁਖਪਾਲ ਖਹਿਰਾ ਨੂੰ ਵਿਰੋਧੀ ਦਲ ਦਾ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਘਮਾਸਾਨ ਵੱਧਦਾ ਹੀ ਜਾ ਰਿਹਾ ਹੈ। ਇਕ ਪਾਸੇ ਸੁਖਪਾਲ ਖਹਿਰਾ 2 ਅਗਸਤ ਨੂੰ ਬਠਿੰਡਾ ਵਿਖੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੂਜੇ ਪਾਸੇ ਹੁਣ ਪਾਰਟੀ ਦੇ ਦੂਜੇ (ਖਹਿਰਾ ਵਿਰੋਧੀ) ਧੜੇ ਨੇ ਵੀ 13 ਅਗਸਤ ਨੂੰ ਪੰਜਾਬ 'ਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਦਿੱਲੀ ਤੋਂ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।
ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਵਲੋਂ ਖਹਿਰਾ ਦੀ ਕਨਵੈਨਸ਼ਨ ਨੂੰ ਪਾਰਟੀ ਅਤੇ ਦਲਿਤ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਅੰਦਰਖਾਤੇ ਖਹਿਰਾ ਪੱਖੀ ਲੀਡਰਸ਼ਿਪ ਖਿਲਾਫ ਕਾਰਵਾਈ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਖਹਿਰਾ ਇਹ ਦਾਅਵਾ ਠੋਕ ਰਹੇ ਹਨ ਕਿ ਉਨ੍ਹਾਂ ਨਾਲ ਹੁਣ ਤੱਕ 13 ਵਿਧਾਇਕਾਂ ਦਾ ਸਮਰਥਨ ਹੈ ਪਰ 2 ਤਾਰੀਖ ਨੂੰ ਖਹਿਰਾ ਦੇ ਹੱਕ 'ਚ ਇਹ ਵਿਧਾਇਕ ਨਿਤਰਦੇ ਹਨ ਜਾਂ ਫਿਰ ਹਾਈਕਮਾਂਡ ਦੀ ਘੂਰੀ ਦਾ ਦਬਕਾ ਝੱਲਦੇ ਹਨ, ਇਹ ਵੇਖਣਾ ਕਾਫੀ ਦਿਲਚਸਪ ਹੋਵੇਗਾ ਪਰ ਇਕ ਚੀਜ਼ ਇੱਥੇ ਸਾਫ ਹੋ ਗਈ ਹੈ ਕਿ ਹੁਣ ਵਿਰੋਧੀ ਦਲ ਦਾ ਆਪਸੀ ਵਿਰੋਧ ਹੀ ਸਿਖਰ ਫੜ ਗਿਆ ਹੈ, ਜਿਸਦਾ ਨਬੇੜਾ ਹੁੰਦਾ ਦਿਖਾਈ ਨਹੀਂ ਦੇ ਰਿਹਾ।


Related News