ਪਾਬੰਦੀਸ਼ੁਦਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੂੰ ਸੁੱਖੀ ਚਾਹਲ ਨੇ ਫਿਰ ਲਿਆ ਲੰਮੇ ਹੱਥੀਂ

5/22/2020 3:51:02 PM

ਜਲੰਧਰ (ਵਿਸ਼ੇਸ਼) : ਪੰਜਾਬ ਫਾਉਂਡੇਸ਼ਨ, ਸਿਲੀਕਾਨ ਵੈੱਲੀ, ਕੈਲੇਫੋਰਨੀਆ ਦੇ ਚੇਅਰਮੈਨ ਸੁੱਖੀ ਚਾਹਲ ਨੇ ਪੰਜਾਬ 'ਚ ਅੱਤਵਾਦੀ ਸਰਗਰਮੀਆਂ ਨੂੰ ਬੜ੍ਹਾਵਾ ਦੇਣ ਵਾਲੇ ਪਾਬੰਦੀਸ਼ੁਦਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਕੱਟੜ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਇਕ ਵਾਰ ਮੁੜ ਲੰਮੇ ਹੱਥੀਂ ਲੈਂਦੇ ਹੋਏ ਉਸ ਨੂੰ ਗਣਤੰਤਰ ਦਿਵਸ ਮੌਕੇ ਭਾਰਤੀ ਰਾਸ਼ਟਰੀ ਝੰਡੇ ਨੂੰ ਸਾੜਨ 'ਤੇ ਮੁਆਫੀ ਮੰਗਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਕੇਂਦਰੀ ਗ੍ਰਹਿ ਮੰਤਰਾਲਾ ਨੇ ਸਿਖਸ ਫਾਰ ਜਸਟਿਸ ਨੂੰ ਗੈਰ-ਕਾਨੂੰਨੀ ਐਲਾਨ ਕਰਦੇ ਹੋਏ ਇਸ ਸੰਗਠਨ 'ਤੇ ਪੰਜ ਸਾਲ ਲਈ ਰੋਕ ਲਗਾ ਦਿੱਤੀ ਸੀ। ਗ੍ਰਹਿ ਮੰਤਰਾਲਾ ਮੁਤਾਬਕ ਇਹ ਸੰਗਠਨ ਖਾਲਿਸਤਾਨ ਦੇ ਨਾਂ 'ਤੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜ਼ਾਮ ਦਿੰਦੇ ਹੋਏ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ। ਸੁੱਖੀ ਚਾਹਲ ਨੇ ਕਿਹਾ ਕਿ ਉਹ ਜੀਵਨ ਦੇ ਸਾਰੇ ਖੇਤਰਾਂ 'ਚੋਂ ਕਈ ਪ੍ਰਮੁੱਖ ਹਸਤੀਆਂ ਤੋਂ ਮਿਲੇ ਭਾਰੀ ਸਮਰਥਨ ਲਈ ਬਹੁਤ ਧੰਨਵਾਦੀ ਹਨ, ਵਿਸ਼ੇਸ਼ ਕਰ ਕੇ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਜੀ ਦੇ ਚੇਲਿਆਂ ਦੇ, ਜਿਨ੍ਹਾਂ ਨੇ ਉਨ੍ਹਾਂ ਦੇ ਟਵੀਟ ਦੀ ਪ੍ਰਤੀਕਿਰਿਆ 'ਚ ਬਾਬਾ ਸਾਹਿਬ ਵਲੋਂ ਲਿਖਤ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਲਈ ਜ਼ਿੰਮੇਵਾਰ ਲੋਕਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਨਿਮਰਤਾ ਸਹਿਤ ਕਿਹਾ ਕਿ ਮੈਂ ਆਪਣੇ ਅੱਜ ਦੇ ਟਵੀਟ ਦੇ ਨਤੀਜੇ ਵਜੋਂ ਕੁਝ ਖੋਜਾਂ ਕੀਤੀਆਂ ਹਨ।

ਰਾਸ਼ਟਰੀ ਝੰਡਾ ਡਾ. ਬੀ. ਆਰ. ਅੰਬੇਡਕਰ ਦੇ ਵਿਜ਼ਨ ਅਤੇ ਗਿਆਨ ਦੀ ਅਗਵਾਈ ਕਰਦੈ
ਸੁੱਖੀ ਚਾਹਲ ਨੇ ਆਪਣੇ ਟਵੀਟ 'ਚ ਕਿਹਾ ਕਿ ਭਾਰਤ ਦਾ ਰਾਸ਼ਟਰੀ ਝੰਡਾ ਡਾ. ਬੀ. ਆਰ. ਅੰਬੇਡਕਰ ਦੇ ਦਰਸ਼ਨ (ਵਿਜ਼ਨ) ਅਤੇ ਗਿਆਨ ਦੀ ਅਗਵਾਈ ਕਰਦਾ ਹੈ। ਬਾਬਾ ਸਾਹਿਬ 23 ਜੂਨ 1947 ਨੂੰ ਗਠਿਤ ਕੀਤੀ ਗਈ ਝੰਡਾ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਭਾਰਤੀ ਰਾਸ਼ਟੀ ਝੰਡਾ ਚੁਣਿਆ ਸੀ। ਉਨ੍ਹਾਂ ਨੇ ਨਿੱਜੀ ਰੂਪ ਨਾਲ ਭਾਰਤੀ ਰਾਸ਼ਟਰੀ ਝੰਡੇ ਦੇ ਕੇਂਦਰ 'ਚ ਨੀਲੇ ਰੰਗ ਦੇ ਅਸ਼ੋਕ ਚੱਕਰ ਨੂੰ ਚੁਣਿਆ, ਜੋ ਬੁੱਧ ਧਰਮ ਦੇ ਨਾਲ ਭਾਰਤ ਦੇ ਮਜ਼ਬੂਤ ਬੰਧਨ ਨੂੰ ਵੀ ਦਰਸਾਉਂਦਾ ਹੈ। ਡਾ. ਬੀ. ਆਰ. ਅੰਬੇਡਕਰ ਸਾਹਿਬ ਦਾ ਪਸੰਦੀਦਾ ਰੰਗ ਹੋਣ ਤੋਂ ਇਲਾਵਾ 1942 'ਚ ਅੰਬੇਡਕਰ ਸ਼ਡਿਊਲ ਕਾਸਟ ਫੈੱਡਰੇਸ਼ਨ ਆਫ ਇੰਡੀਆ ਵਲੋਂ ਤਿਆਰ ਕੀਤੇ ਗਏ ਪਾਰਟੀ ਦੇ ਝੰਡੇ ਦਾ ਰੰਗ ਵੀ ਨੀਲਾ ਸੀ। ਬਾਬਾ ਸਾਹਿਬ ਵੀ ਆਪਣੇ ਨਿੱਜੀ ਜੀਵਨ 'ਚ ਜ਼ਿਆਦਾਤਰ ਨੀਲੇ ਰੰਗ ਦਾ ਇਸਤੇਮਾਲ ਕਰਦੇ ਸਨ। ਉਥੇ ਹੀ ਆਕਾਸ਼ ਦਾ ਰੰਗ ਵੀ ਨੀਲਾ ਹੈ ਜੋ ਵਿਸ਼ਾਲਤਾ ਨੂੰ ਦਰਸਾਉਂਦਾ ਹੈ ਅਤੇ ਇਹ ਬਾਬਾ ਸਾਹਿਬ ਦਾ ਦਰਸ਼ਨ ਸੀ ਅਤੇ ਬਾਬਾ ਸਾਹਿਬ ਦੀਆਂ ਪ੍ਰਤਿਮਾਵਾਂ ਨੂੰ ਹਮੇਸ਼ਾ ਨੀਲੇ ਕੋਟ 'ਚ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਦੀ ਆਫ਼ਤ ਅਜੇ ਠੱਲ੍ਹੀ ਨਹੀਂ, ਪੰਜਾਬ ਦੇ ਸਰਹੱਦੀ ਇਲਾਕਿਆਂ 'ਤੇ ਮੰਡਰਾਇਆ ਇਕ ਹੋਰ ਖਤਰਾ 

ਇਨ੍ਹਾਂ ਸੱਤ ਸਵਾਲਾਂ ਦੇ ਜਵਾਬ ਮੰਗੇ ਪੰਨੂ ਤੋਂ
ਸੁੱਖੀ ਚਾਹਲ ਨੇ ਕਿਹਾ ਕਿ ਉਪਰੋਕਤ ਦੇ ਮੱਦੇਨਜ਼ਰ, ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਾੜਨ ਦੇ ਜਸਟੀਫਿਕੇਸ਼ਨ 'ਤੇ ਸਵਾਲ ਉਠਾਉਂਦੇ ਹੋਏ ਸੱਤ ਸਵਾਲਾਂ ਦੇ ਜਵਾਬ ਮੰਗੇ ਹਨ :

1. ਕੀ ਗੁਰਪਤਵੰਤ ਸਿੰਘ ਪੰਨੂ ਇੰਨਾ ਭੋਲਾ ਹੈ ਕਿ ਉਹ ਭਾਰਤੀ ਝੰਡੇ 'ਚ ਬਾਬਾ ਸਾਹਿਬ ਦੇ ਅਮੁੱਲ ਯੋਗਦਾਨ ਨੂੰ ਨਹੀਂ ਜਾਣਦਾ ਹੈ?
2. ਉਹ ਭਾਰਤੀ ਰਾਸ਼ਟਰੀ ਝੰਡੇ ਨੂੰ ਸਾੜਨ ਅਤੇ ਅਪਮਾਨ ਕਰਨ ਤੋਂ ਇਲਾਵਾ ਲੋਕਾਂ ਨੂੰ ਵੀ ਰਾਸ਼ਟਰੀ ਝੰਡਾ ਸਾੜਨ ਅਤੇ ਅਪਮਾਨ ਕਰਨ ਲਈ ਕਿਉਂ ਭੜਕਾਉਂਦਾ ਹੈ?
3. ਕੀ ਉਹ ਨਹੀਂ ਜਾਣਦਾ ਹੈ ਕਿ ਉਸ ਦੇ ਇਸ ਤਰ੍ਹਾਂ ਦੇ ਜਾਣਬੁੱਝ ਕੇ ਕੀਤੇ ਗਏ ਕੰਮ ਨਾਲ ਬਾਬਾ ਸਾਹਿਬ, ਜੋ ਕਿ ਝੰਡਾ ਕਮੇਟੀ 'ਚ ਮਾਣ ਨਾਲ ਸਾਡੀ ਅਗਵਾਈ ਕਰਦੇ ਹਨ, ਦੇ ਚੇਲਿਆਂ ਸਮੇਤ ਭਾਰਤੀਆਂ ਦੇ ਮਾਣ ਨੂੰ ਠੇਸ ਪਹੁੰਚੇਗੀ?
4. ਕੀ ਉਹ ਨਹੀਂ ਜਾਣਦਾ ਕਿ ਭਾਰਤੀ ਝੰਡੇ ਨੂੰ ਸਾੜਨ ਦੀ ਉਸ ਦੀ ਸ਼ਰਾਰਤੀ ਅਤੇ ਵਾਰ-ਵਾਰ ਕੀਤੀ ਗਈ ਹਰਕਤ ਨੂੰ ਉਸ ਨੀਲੇ ਰੰਗ ਦੇ ਅਪਮਾਨ ਦੇ ਰੂਪ 'ਚ ਦੇਖਿਆ ਜਾਂਦਾ ਹੈ, ਜੋ ਬਾਬਾ ਸਾਹਿਬ ਦਾ ਪਸੰਦੀਦਾ ਸੀ?
5. ਇਸ ਲਈ ਮੈਂ ਪੰਨੂ ਤੋਂ ਬਿਨਾਂ ਸ਼ਰਤ ਲਿਖਤੀ ਮੁਆਫੀ ਦੀ ਮੰਗ ਕਰਦਾ ਹਾਂ, ਜੋ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਸਾੜਨ ਦੇ ਆਪਣੇ ਸ਼ੈਤਾਨੀ ਕੰਮ ਲਈ ਸਾਡੇ ਬਾਬਾ ਸਾਹਿਬ ਪ੍ਰਤੀ ਉਨ੍ਹਾਂ ਦੇ ਸਨਮਾਨ ਅਤੇ ਸਮਾਜ ਲਈ ਉਨ੍ਹਾਂ ਦੇ ਭਰੋਸੇਯੋਗ ਯੋਗਦਾਨ ਨੂੰ ਪ੍ਰਦਰਸ਼ਿਤ ਕਰਦਾ ਹੈ।
6. ਮੈਂ ਪੰਨੂ ਨੂੰ ਲਿਖਤੀ ਵਚਨ ਲੈਣ ਦੀ ਵੀ ਦ੍ਰਿੜਤ ਨਾਲ ਮੰਗ ਕਰਦਾ ਹਾਂ ਕਿ ਉਹ ਕਦੇ ਵੀ ਕਿਸੇ ਤਰ੍ਹਾਂ ਨਾਲ ਭਾਰਤੀ ਝੰਡੇ ਦਾ ਅਪਮਾਨ ਕਰਨ ਦੀ ਹਿੰਮਤ ਨਹੀਂ ਕਰੇਗਾ ਜਾਂ ਆਪਣੇ ਸਮਰਥਕਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।
7. ਜੇ ਉਹ ਉਪਰੋਕਤ ਦੋ ਪਛਚਾਤਾਪ ਉਪਾਅ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਮੇਰੇ ਵਰਗੇ ਲੋਕਾਂ ਵਲੋਂ ਬਾਬਾ ਸਾਹਿਬ ਪ੍ਰਤੀ ਆਪਣੀ ਨਿਸ਼ਠਾ ਦਾ ਤਿਆਗ ਕਰਨ ਤੋਂ ਬਾਅਦ ਬਹੁਤ ਸ਼ਾਤੀਪੂਰਵਕ ਅਤੇ ਅਹਿੰਸਕ ਵਿਰੋਧ ਅਤੇ ਪ੍ਰਦਰਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਸੰਵਿਧਾਨ ਦੀ ਕਾਪੀਆਂ ਸਾੜਨਾ ਬਰਦਾਸ਼ਤ ਨਹੀਂ : ਕੋਟਲੀ
ਬਸਪਾ ਨੇਤਾ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੀ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਰਾਸ਼ਟਰੀ ਝੰਡੇ 'ਚ ਬਾਬਾ ਸਾਹਿਬ ਦੀ ਵਿਜਨ ਝਲਕਦਾ ਹੈ। ਬਾਬਾ ਸਾਹਿਬ ਨੇ ਸਾਰਿਆਂ ਨੂੰ ਸਮਾਨਤਾ ਦੇ ਹੱਕ ਲੈ ਕੇ ਦਿੱਤੇ ਹਨ ਅਤੇ ਸਿੱਖ ਫਾਰ ਜਸਟਿਸ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜ ਰਹੇ ਹਨ ਜੋ ਕਿ ਬਰਦਾਸ਼ਤ ਕਰਨ ਯੋਗ ਨਹੀਂ ਹੈ। ਸੰਵਿਧਾਨ ਨੂੰ ਸਾੜਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਦਲਿਤ ਵਰਗ ਲਾਕਡਾਊਨ ਕਾਰਣ ਚੁੱਪ ਹੈ ਪਰ ਆਉਣ ਵਾਲੇ ਦਿਨਾਂ 'ਚ ਰਣਨੀਤੀ ਬਣਾ ਕੇ ਪੰਜਾਬ ਭਰ 'ਚ ਪੰਨੂ ਦੇ ਪੁਤਲੇ ਫੂਕੇ ਜਾਣਗੇ ਅਤੇ ਸਰਕਾਰ ਨੂੰ ਮੌਮੋਰੰਡਮ ਸੌਂਪੇ ਜਾਣਗੇ।

ਇਹ ਵੀ ਪੜ੍ਹੋ ► ਸ਼ਰਾਬ ਫੈਕਟਰੀਆਂ ਦੀ ਨਿਗਰਾਨੀ 'ਤੇ ਲੱਗੀ ਅਧਿਆਪਕਾਂ ਦੀ ਡਿਊਟੀ 'ਤੇ ਬਵਾਲ     

ਕੋਈ ਵੀ ਦੇਸ਼ ਅਜਿਹੇ ਕੰਮ ਦੀ ਇਜਾਜ਼ਤ ਨਹੀਂ ਦਿੰਦਾ : ਬੰਗੜ
ਦਲਿਤ ਨੇਤਾ ਟੇਕ ਚੰਦ ਬੰਗੜ ਨੇ ਸਿੱਖ ਫਾਰ ਜਸਟਿਸ ਅਤੇ ਉਸਦੀ ਸਮਾਨ ਵਿਚਾਰਧਾਰਾ ਵਾਲੇ ਸੰਗਠਨਾਂ ਦੇ ਇਸ ਕੰਮ ਲਈ ਨਿੰਦਾ ਕਰਦੇ ਹੋਏ ਕਿਹਾ ਕਿ ਕੋਈ ਵੀ ਦੇਸ਼ ਉਸਦੇ ਸੰਵਿਧਾਨ ਨੂੰ ਸਾੜੇ ਜਾਣ ਦੀ ਆਗਿਆ ਨਹੀਂ ਦਿੰਦਾ। ਭਾਰਤੀ ਸੰਵਿਧਾਨ ਦੇ ਜਿਸ ਆਰਟੀਕਲ ਦੀ ਧਾਰਾ ਸਬੰਧੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਉਸ ਵਿਚ ਸਿੱਖਾਂ ਨੂੰ ਵੱਖਰੀ ਪਛਾਣ ਦਿੱਤੀ ਗਈ ਹੈ। ਸੰਵਿਧਾਨ ਦੀਆਂ ਕਾਪੀਆਂ ਸਾੜਨਾ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਲੋੜ ਪਈ ਤਾਂ ਸਿੱਖ ਫਾਰ ਜਸਟਿਸ ਦੇ ਵਿਰੋਧ 'ਚ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣਗੇ।

ਪੰਨੂ ਦੇ ਖਿਲਾਫ ਸੰਘਰਸ਼ ਦੀ ਰੂਪ-ਰੇਖਾ ਤਿਆਰ : ਬੌਬੀ ਪੰਡਿਤ
ਬਹੁਜਨ ਸੇਵਾ ਸੰਗਟਨ ਦੇ ਪ੍ਰਧਾਨ ਰਾਕੇਸ਼ ਬੌਬੀ ਪੰਡਿਤ ਨੇ 26 ਜਨਵਰੀ ਨੂੰ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਵਲੋਂ ਅਮਰੀਕਾ 'ਚ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਅਤੇ ਰਾਸ਼ਟਰੀ ਝੰਡੇ ਸਾੜੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਨੂ ਦੇ ਇਸ ਕੰਮ ਨਾਲ ਦਲਿਤ ਵਰਗ 'ਚ ਡੂੰਘਾ ਰੋਸ ਹੈ। ਉਥੇ, ਸਿੱਖ ਫਾਰ ਜਸਟਿਸ ਵਲੋਂ ਰੈਫਰੈਂਡਮ 2020 ਲਈ ਦਲਿਤ ਵਰਗਾਂ ਨੂੰ ਦਿੱਤੇ ਜਾ ਰਹੇ ਲਾਲਚ ਦੇ ਝਾਂਸੇ 'ਚ ਦਲਿਤ ਆਉਣ ਵਾਲੇ ਨਹੀਂ ਹਨ। ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦਾ ਸੰਗਠਨ ਪੰਨੂ ਦੇ ਵਿਰੋਧ 'ਚ ਜਲਦੀ ਹੀ ਪੁਤਲਾ ਫੂਕ ਪ੍ਰਦਰਸ਼ਨ ਕਰੇਗਾ।


Anuradha

Content Editor Anuradha