ਦੂਜੇ ਦਿਨ ਵੀ ਨਹੀਂ ਹੋਇਆ ਮ੍ਰਿਤਕ ਗੁਰਮੇਲ ਕੌਰ ਦਾ ਸਸਕਾਰ
Wednesday, Dec 09, 2020 - 09:36 PM (IST)
ਭਵਾਨੀਗੜ੍ਹ,(ਵਿਕਾਸ, ਸੰਜੀਵ)- ਪਿੰਡ ਘਰਾਚੋਂ ਦੀ ਬਜ਼ੁਰਗ ਮਹਿਲਾ ਗੁਰਮੇਲ ਕੌਰ ਪਤਨੀ ਮੱਘਰ ਸਿੰਘ ਜਿਸ ਦੀ ਬੀਤੇ ਕੱਲ ਕਿਸਾਨੀ ਮੋਰਚੇ ਦੌਰਾਨ ਟੋਲ ਪਲਾਜ਼ਾ ਕਾਲਾਝਾੜ ਵਿਖੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਦਾ ਬੁੱਧਵਾਰ ਨੂੰ ਵੀ ਸਸਕਾਰ ਨਹੀਂ ਕੀਤਾ ਗਿਆ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਹਰਜੀਤ ਸਿੰਘ ਮਹਿਲਾ, ਹਰਜਿੰਦਰ ਸਿੰਘ ਘਰਾਚੋਂ ਤੇ ਸਤਵਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਮਾਤਾ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਮੁਰਦਘਾਟ ’ਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਜਥੇਬੰਦੀ ਦੀ ਮੰਗ ਹੈ ਕਿ ਪੰਜਾਬ ਸਰਕਾਰ ਮਾਤਾ ਗੁਰਮੇਲ ਕੌਰ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਕਰਜ਼ੇ ’ਤੇ ਲਕੀਰ ਮਾਰਨ ਸਮੇਤ ਬਣਦਾ ਮੁਆਵਜ਼ਾ ਦੇਵੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮਸਲੇ ਸਬੰਧੀ ਅੱਜ ਡੀ.ਐੱਸ.ਪੀ. ਭਵਾਨੀਗੜ੍ਹ ਨਾਲ ਜਥੇਬੰਦੀ ਦੇ ਆਗੂਆਂ ਦੀ ਹੋਈ ਮੀਟਿੰਗ ’ਚ ਵੀ ਕਿਸੇ ਗੱਲ ਦਾ ਹੱਲ ਨਹੀਂ ਨਿਕਲਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮਾਤਾ ਗੁਰਮੇਲ ਕੌਰ ਦੇ ਪਰਿਵਾਰ ਦੇ ਸਿਰ 50 ਹਜ਼ਾਰ ਰੁਪਏ ਕੋ-ਆਪ੍ਰੇਟਿਵ ਸੋਸਾਇਟੀ, 5 ਲੱਖ ਬੈਂਕ ਦੀ ਲਿਮਟ ਤੇ 8 ਲੱਖ ਰੁਪਏ ਆੜ੍ਹਤੀਏ ਦਾ ਕਰਜ਼ਾ ਹੈ ਜਿਸ ਨੂੰ ਖਤਮ ਕੀਤਾ ਜਾਵੇ ਤੇ ਹੋਰ ਮੰਗਾਂ ਨੂੰ ਮੰਨਿਆ ਜਾਵੇ।
ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਨਹੀਂ ਹੋਣ ਤੱਕ ਮਾਤਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਤੇ ਸੁਣਵਾਈ ਨਾ ਹੋਣ ’ਤੇ ਸਰਕਾਰ ਤੇ ਪ੍ਰਸ਼ਾਸਨ ਜਥੇਬੰਦੀ ਵੱਲੋਂ ਸਖਤ ਐਕਸ਼ਨ ਉਲੀਕਿਆ ਜਾਵੇਗਾ ਜਿਸਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।