ਖੇਡ ਮੰਤਰੀ ਮੀਤ ਹੇਅਰ ਦਾ ਅਹਿਮ ਬਿਆਨ, ਕਿਹਾ-ਭਾਜਪਾ ਦੇ ਰਾਜ ’ਚ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ
Sunday, Apr 30, 2023 - 01:57 PM (IST)
ਜਲੰਧਰ (ਧਵਨ)- ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਭਾਜਪਾ ਦੇ ਰਾਜ ਵਿਚ ਸਾਡੇ ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਜਪਾ ਦੀ ਅਣਦੇਖੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਸਾਡੇ ਉਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਦੇ ਮੈਡਲ ਜੇਤੂਆਂ ਨੂੰ ਭਾਜਪਾ ਦੇ ਸੰਸਦ ਮੈਂਬਰ ਖ਼ਿਲਾਫ਼ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕਰਾਉਣ ਲਈ ਧਰਨਾ ਦੇਣਾ ਪੈ ਰਿਹਾ ਹੈ।
ਸ਼ਨੀਵਾਰ ਨੂੰ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਤੇ ‘ਆਪ’ ਨੇਤਾ ਤੇ ਸਾਬਕਾ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਅਤੇ ਪੀ. ਐੱਮ. ਮੋਦੀ ਬੇਸ਼ਰਮ ਹਨ। ਸਾਡੇ ਵਰਗੇ ਭਾਰਤੀ ਸ਼ਰਮਿੰਦਾ ਹਨ ਕਿ ਪੂਰੀ ਦੁਨੀਆ ਵੇਖ ਰਹੀ ਹੈ ਕਿ ਕਿਵੇਂ ਸਾਡੇ ਕੌਮਾਂਤਰੀ ਖਿਡਾਰੀਆਂ ਨੂੰ ਇਨਸਾਫ਼ ਲਈ ਧਰਨਾ ਦੇਣਾ ਪੈ ਰਿਹਾ ਹੈ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਐੱਫ਼. ਆਈ. ਆਰ. ਕਰਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਬੋਲੇ, ਕਾਂਗਰਸ ਖ਼ਤਮ, ਅਕਾਲੀ ਦਲ ਖ਼ਾਲੀ ਹੋ ਗਿਆ ਤੇ ਹੁਣ ਭਾਜਪਾ ਹੀ ਇਕੋ-ਇਕ ਬਦਲ
‘ਆਪ’ ਨੇਤਾ ਨੇ ਕਿਹਾ ਕਿ ਭਾਜਪਾ ਨੇ ਇਕ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਹੈ, ਜਿਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ 40 ਮਾਮਲੇ ਦਰਜ ਸਨ। ਇੰਨਾ ਹੀ ਨਹੀਂ, ਉਸ ਨੂੰ ਇਕ ਸਪੋਰਟਸ ਫੈਡਰੇਸ਼ਨ ਦਾ ਪ੍ਰਧਾਨ ਵੀ ਬਣਾ ਦਿੱਤਾ ਗਿਆ। ਇਸ ਤੋਂ ਜ਼ਿਆਦਾ ਗਲਤ ਤੇ ਅਸੰਵੇਦਨਸ਼ੀਲ ਕੁਝ ਨਹੀਂ ਹੋ ਸਕਦਾ। ਪੀ. ਐੱਮ. ਮੋਦੀ ਨੀਰਵ ਮੋਦੀ, ਵਿਜੇ ਮਾਲਿਆ, ਅਡਾਨੀ, ਨੋਟਬੰਦੀ ਅਤੇ ਕਈ ਹੋਰ ਮਾਮਲਿਆਂ ’ਤੇ ਚੁੱਪ ਰਹੇ ਪਰ ਉਨ੍ਹਾਂ ਦੇ ਘਰ ਤੋਂ ਸਿਰਫ 4 ਕਿ. ਮੀ. ਦੂਰ ਧਰਨੇ ’ਤੇ ਬੈਠੇ ਇਹ ਖਿਡਾਰੀ ਇਨਸਾਫ਼ ਮੰਗ ਰਹੇ ਹਨ। ਇਸ ਲਈ ਪੀ. ਐੱਮ. ਨੂੰ ਕਾਰਵਾਈ ਕਰਨੀ ਚਾਹੀਦੀ ਹੈ।
ਹੇਅਰ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅਸੀਂ ਉਸ ਸਿਆਸੀ ਪਾਰਟੀ ਤੋਂ ਇਨਸਾਫ਼ ਅਤੇ ਸੰਵੇਦਨਸ਼ੀਲਤਾ ਦੀ ਉਮੀਦ ਕਰ ਰਹੇ ਹਾਂ, ਜਿਸ ਨੇ ਰੇਪ ਅਤੇ ਹੱਤਿਆ ਦੇ ਦੋਸ਼ੀ ਕੁਲਦੀਪ ਸੇਂਗਰ ਵਰਗੇ ਲੋਕਾਂ ਨੂੰ ਸਰਪ੍ਰਸਤੀ ਦਿੱਤੀ ਹੈ। ਉਨ੍ਹਾਂ ਪੁੱਛਿਆ ਕਿ ਜਦੋਂ ਦੇਸ਼ ਦੀਆਂ ਉਲੰਪੀਅਨ ਹੀ ਸੁਰੱਖਿਅਤ ਨਹੀਂ ਤਾਂ ਇਸ ਨੂੰ ਦੇਖਣ ਤੋਂ ਬਾਅਦ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਦੀ ਆਗਿਆ ਕਿਵੇਂ ਦੇਣਗੇ? ਮੀਤ ਹੇਅਰ ਨੇ ਬ੍ਰਿਜਭੂਸ਼ਣ ਸਿੰਘ ਨੂੰ ਬਰਖਾਸਤ ਕਰਨ ਅਤੇ ਭਾਜਪਾ ’ਚੋਂ ਬਾਹਰ ਕੱਢ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਖਿਡਾਰੀਆਂ ਦੇ ਨਾਲ ਖੜ੍ਹੀ ਹੈ ਅਤੇ ਅਸੀਂ ਇਨ੍ਹਾਂ ਦੇ ਲਈ ਲੜਾਂਗੇ।
ਇਹ ਵੀ ਪੜ੍ਹੋ : ਜਦੋਂ ਤਕ ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੁਧਰਦੀ, ਕੋਈ ਨਿਵੇਸ਼ ਕਰਨ ਨਹੀਂ ਆਏਗਾ: ਸੋਮ ਪ੍ਰਕਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ