ਮਾਲਵੇ ਦੀ ਸਿਆਸਤ ’ਤੇ ਧਰੂ ਤਾਰਾ ਬਣ ਚਮਕਣਗੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ

06/02/2023 6:17:51 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ’ਚ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆ ਨੂੰ ਬਤੌਰ ਖੇਤੀਬਾੜੀ, ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਹੈ। ਗੁਰਮੀਤ ਖੁੱਡੀਆ ਜਿੱਥੇ ਸ਼ਰੀਫ, ਬੇਦਾਗ, ਈਮਾਨਦਾਰ ਅਤੇ ਗੰਭੀਰ ਸ਼ਖ਼ਸੀਅਤ ਦੇ ਮਾਲਕ ਹਨ, ਉਥੇ ਹੀ ਉਨ੍ਹਾਂ ਪਿਤਾ ਪੁਰਖੀ ਸਿਆਸੀ ਵਿਰਾਸਤ ਨੂੰ ਬੀਤੇ 4 ਦਹਾਕਿਆ ਤੋਂ ਸਿਰੜ, ਸਿਦਕ ਅਤੇ ਦੂਰ ਅੰਦੇਸ਼ੀ ਨਾਲ ਸਾਂਭਿਆ ਹੋਇਆ ਹੈ। ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਅਰਸਾ ਪਹਿਲਾਂ ਜਦੋਂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕੀਤੀ ਤਾਂ ਉਨ੍ਹਾਂ ਦੇ ਉਕਤ ਸਿਆਸੀ ਪੈਂਤੜੇ ਨੂੰ ਭਾਵੇਂ ਕੁਝ ਸਿਆਸੀ ਧਿਰਾਂ ਨੇ ਗ਼ਲਤ ਮੰਨਿਆ ਪਰ ਉਨ੍ਹਾਂ ਦਾ ਇਹ ਫ਼ੈਸਲਾ ਅੱਜ ਉਨ੍ਹਾਂ ਲਈ ਸਹੀ ਸਾਬਿਤ ਹੋਇਆ ਹੈ।

ਇਹ ਵੀ ਪੜ੍ਹੋ- 5 ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦਰਿਆਣੀ ਪਾਣੀਆਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਅਹਿਮ ਬਿਆਨ

ਬੀਤੇ ਮਹੀਨਿਆਂ ’ਚ ਹੜ੍ਹਾਂ ਕਾਰਨ ਤਬਾਹ ਹੋਈ ਮਾਲਵੇ ਦੇ ਕਿਸਾਨਾਂ ਦੀ ਫ਼ਸਲ ਦਾ ਮੁਆਵਜ਼ਾ ਦੁਆਉਣਾ ਅਤੇ ਸਿੰਚਾਈ ਲਈ ਚਿਰਾਂ ਤੋਂ ਲਟਕਦੀ ਆ ਰਹੀ ਨਹਿਰੀ ਪਾਣੀ ਦੀ ਸੁਚਾਰੂ ਮੰਗ ਨੂੰ ਪੂਰੀ ਕਰ ਕੇ ਉਨ੍ਹਾਂ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਵੀ ਦਿੱਤਾ ਹੈ। ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਨਾਲ ਜਿੱਥੇ ਗੂੜਾ ਨਾਤਾ ਹੈ ਉਥੇ ਹੀ ਉਨ੍ਹਾਂ ਦੇ ਭਤੀਜੇ ਅਤੇ ਸਰਗਰਮ ਕਿਸਾਨ ਆਗੂ ਰਣਧੀਰ ਸਿੰਘ ਧੀਰਾ ਕਿਸਾਨ ਸੰਘਰਸ਼ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਇਸ ਤੋਂ ਇਲਾਵਾ ਪੰਥਕ ਵੋਟ ਬੈਂਕ ’ਤੇ ਵੀ ਉਨ੍ਹਾਂ ਦਾ ਚੰਗਾ ਆਧਾਰ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅਨੁਸਾਰ ਮਾਲਵੇ ਦੀ ਪੰਥਕ ਅਤੇ ਕਿਸਾਨ ਮਸਲਿਆਂ ਨੂੰ ਹੱਲ ਕਰਵਾਉਣ ਲਈ ਜਥੇਦਾਰ ਖੁੱਡੀਆਂ ਤੋਂ ਵੱਡੀਆਂ ਉਮੀਦਾਂ ਹਨ।

ਇਹ ਵੀ ਪੜ੍ਹੋ- ਸੇਵਾ ਕੇਂਦਰਾਂ ਦੇ ਕੰਮ 'ਚ ਆਵੇਗੀ ਹੋਰ ਤੇਜ਼ੀ, ਹੁਣ ਪੰਜਾਬੀਆਂ ਨੂੰ ਘਰ ਬੈਠਿਆ ਨੂੰ ਮਿਲੇਗੀ ਇਹ ਸਹੂਲਤ

2022 ਦੀਆਂ ਚੋਣਾਂ ’ਚ ਜਦੋਂ ਖੁੱਡੀਆ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਪਲੇਟ ਫਾਰਮ ਚੁਣਿਆ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆ ਦੀਆਂ ਸੇਵਾਵਾਂ ਅਤੇ ਉਨ੍ਹਾਂ ਨਾਲ ਕੀਤੇ ਗਏ ਸਿਆਸੀ ਵਿਤਕਰੇ ਉਨ੍ਹਾਂ ਲਈ ਵਰਦਾਨ ਸਾਬਿਤ ਹੋਏ। ਕਾਂਗਰਸ ਨੂੰ ਇਸ ਦਾ ਖਾਮਿਆਜ਼ਾ ਅਜਿਹੀ ਸਥਿਤੀ ’ਚ ਭੁਗਤਣਾ ਪਿਆ ਕਿ ਹਲਕੇ ’ਚੋਂ ਕਾਂਗਰਸ ਦਾ ਵੱਡਾ ਕੇਡਰ ਖੁੱਡੀਆ ਨਾਲ ਹੀ ਚਲਿਆ ਗਿਆ ਅਤੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਜਥੇਦਾਰ ਜਗਦੇਵ ਸਿੰਘ ਖੁੱਡੀਆ ਨੂੰ ਸ਼ਰਧਾਂਜਲੀ ਦੇਣ ਦੀ ਰੀਝ ਇਤਿਹਾਸਕ ਲੋਕ ਫ਼ਤਬੇ ਦੇ ਰੂਪ ’ਚ ਪ੍ਰਫੂਲਤ ਹੋਈ । ਅੱਜ ਉਨ੍ਹਾਂ ਦੀ ਹਲਕੇ ਅੰਦਰਲੀ ਕਾਰਗੁਜ਼ਾਰੀ ਦੇ ਵੱਡੇ ਹਿੱਸੇ ਨੂੰ ਉਨ੍ਹਾਂ ਦੇ ਪੁੱਤਰ ਸੰਭਾਲ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News