ਨਵੇਂ ਬਣੇ ਮੰਤਰੀ ਖੁੱਡੀਆਂ ਤੇ ਬਲਕਾਰ ਸਿੰਘ ਦੋਵੇਂ ਹੀ ਪਹਿਲੀ ਵਾਰ ਬਣੇ ਸਨ ਵਿਧਾਇਕ

Thursday, Jun 01, 2023 - 12:18 PM (IST)

ਜਲੰਧਰ (ਧਵਨ)-ਪੰਜਾਬ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਗਏ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਦੀ ਇਕ ਖ਼ਾਸ ਗੱਲ ਇਹ ਹੈ ਕਿ ਦੋਵੇਂ ਪਹਿਲੀ ਵਾਰ ਵਿਧਾਇਕ ਬਣੇ ਹਨ। ਦੋਵਾਂ ਵਿਧਾਇਕਾਂ ਨੂੰ ਲੈ ਕੇ ਇਕ ਸਮਾਨਤਾ ਇਹ ਵੀ ਹੈ ਕਿ ਜਿੱਥੇ ਬਲਕਾਰ ਸਿੰਘ ਦੇ ਵਿਭਾਗ ਨੂੰ ਜਲਦੀ ਹੀ ਨਿਗਮ ਚੋਣਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਦਾ ਆਯੋਜਨ ਇਸ ਸਾਲ ਦੇ ਅੰਤ ਤੱਕ ਕਰਨਾ ਹੈ। ਬਲਕਾਰ ਸਿੰਘ ਦੇ ਮੋਢਿਆ ’ਤੇ ਸ਼ਹਿਰੀ ਵੋਟਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਦੀ ਜਿੰਮੇਵਾਰੀ ਹੋਵੇਗੀ ਤਾਂ ਦੂਜੇ ਪਾਸੇ ਖੁੱਡੀਆਂ ਦੇ ਮੋਢਿਆਂ ’ਤੇ ਪੇਂਡੂ ਵੋਟਰਾਂ ਨੂੰ ਪਾਰਟੀ ਨਾਲ ਜੋੜਨ ਦੀ ਜ਼ਿੰਮੇਵਾਰੀ ਰਹੇਗੀ।

ਇਸ ਤਰ੍ਹਾਂ ਇਹ ਸਾਲ ਤਾਂ ਸੱਤਾਧਾਰੀ ਪਾਰਟੀ ਲਈ ਚੋਣਾਂ ਨਾਲ ਜੁੜਿਆ ਹੋਇਆ ਰਹੇਗਾ ਅਤੇ ਅਗਲੇ ਸਾਲ 2024 ’ਚ ਲੋਕ ਸਭਾ ਦੀਆਂ ਆਮ ਚੋਣਾਂ ਆਉਣਗੀਆਂ। ਗੁਰਮੀਤ ਸਿੰਘ ਖੁੱਡੀਆਂ ਦੀ ਉਮਰ 60 ਸਾਲ ਹੈ ਤਾਂ ਦੂਜੇ ਕੈਬਨਿਟ ਮੰਤਰੀ ਦੀ ਉਮਰ ਵੀ ਲਗਭਗ 60 ਸਾਲ ਦੇ ਕਰੀਬ ਹੈ। ਖੁੱਡੀਆਂ ਨੂੰ ਮੰਤਰੀ ਬਣਾ ਕੇ ਮੁੱਖ ਮੰਤਰੀ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਜਿਹੜੇ ਆਗੂਆਂ ’ਚ ਦਿੱਗਜ ਨੇਤਾਵਾਂ ਨੂੰ ਉਛਾਲਿਆ ਗਿਆ ਹੈ ਉਨ੍ਹਾਂ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਕਈ ਨੌਜਵਾਨ ਵਿਧਾਇਕਾਂ ’ਚ ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਆਦਿ ਨੂੰ ਹਰਾਇਆ ਸੀ ਅਤੇ ਇਨ੍ਹਾਂ ’ਚ ਵੱਡੇ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਨਵੇਂ ਬਣੇ ਮੰਤਰੀ ਬਲਕਾਰ ਸਿੰਘ ਨਾਲ ਖ਼ਾਸ ਗੱਲਬਾਤ, ਕਿਹਾ- ਸ਼ਹਿਰਾਂ ਦੇ ਵਿਕਾਸ ਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਰਹੇਗਾ ਫੋਕਸ

ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਵੀ ਆਪਣੀ ਕੈਬਨਿਟ ’ਚ ਸਾਰੇ ਮੰਤਰੀਆਂ ਦੇ ਅਹੁਦੇ ਨਹੀਂ ਭਰੇ ਹਨ। ਮੰਤਰੀ ਮੰਡਲ ’ਚ 2 ਅਸਾਮੀਆਂ ਅਜੇ ਵੀ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਲੈ ਕੇ ਵਿਧਾਇਕ ਮੁੱਖ ਮੰਤਰੀ ਦੇ ਆਲੇ-ਦੁਆਲੇ ਚੱਕਰ ਕੱਟਦੇ ਰਹਿਣਗੇ। ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਸੱਤਾਧਾਰੀ ਹਲਕਿਆਂ ’ਚ ਇਕ ਗੱਲ ਇਹ ਵੀ ਚਲੀ ਗਈ ਹੈ ਕਿ ਕੋਈ ਵੀ ਮੰਤਰੀ ਪੱਕਾ ਨਹੀਂ ਹੈ। ਮੰਤਰੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵਫ਼ਾਦਾਰੀ ਦੇ ਆਧਾਰ ’ਤੇ ਅਹੁਦਿਆਂ ’ਤੇ ਰੱਖਿਆ ਜਾਵੇਗਾ। ਪਿਛਲੇ ਕੁਝ ਸਾਲਾਂ ਦੌਰਾਨ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਂਦਾ ਰਿਹਾ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਨਿੱਝਰ ਨੂੰ ਬਦਲਿਆ ਹੈ, ਉਸ ਤੋਂ ਬਾਅਦ ਮੰਤਰੀਆਂ ’ਚ ਇਹ ਸੁਨੇਹਾ ਗਿਆ ਹੈ ਕਿ ਸਾਰਿਆਂ ਨੂੰ ਆਪਣੀ ਕਾਰਗੁਜ਼ਾਰੀ ਵੱਲ ਧਿਆਨ ਦੇਣਾ ਪਵੇਗਾ।

ਡਾ. ਨਿੱਝਰ ਨੂੰ ਲੈ ਕੇ ਇਕ ਪ੍ਰਭਾਵ ਇਹ ਪਾਇਆ ਜਾਂਦਾ ਸੀ ਕਿ ਉਹ ਮੁੱਖ ਮੰਤਰੀ ਦੀ ਲਾਈਨ ਅਤੇ ਨੀਤੀਆਂ ਦੀ ਪਾਲਣਾ ਨਹੀਂ ਕਰ ਰਹੇ ਹਨ। ਦੂਸਰਾ ਪ੍ਰਭਾਵ ਇਹ ਸੀ ਕਿ ਨਿਗਮ ਚੋਣਾਂ ਨੂੰ ਲੈ ਕੇ ਉਹ ਤੇਜ਼-ਤਰਾਰ ਮੰਤਰੀ ਨਹੀਂ ਹਨ ਜੋ ਆਮ ਆਦਮੀ ਪਾਰਟੀ ਨੂੰ ਨਿਗਮ ਚੋਣਾਂ ’ਚ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ ’ਚ ਭਾਰੀ ਬਹੁਮਤ ਦਿਵਾ ਸਕੇ। ਡਾ. ਨਿੱਝਰ ਮਾਮਲੇ ਤੋਂ ਬਾਅਦ ਹੋਰ ਮੰਤਰੀ ਵੀ ਸਹਿਮ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ’ਤੇ ਚੱਲਣਾ ਪਵੇਗਾ। ਮੁੱਖ ਮੰਤਰੀ ਨੇ ਇਕ ਸੰਦੇਸ਼ ਇਹ ਵੀ ਦੇ ਦਿੱਤਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News