ਡੇਰਾ ਮੁਖੀ ''ਤੇ ਫੈਸਲੇ ਨੂੰ ਲੈ ਕੇ ਪੁਲਸ ਦੇ ਸਖਤ ਪ੍ਰਬੰਧ, ਚੁੱਕਿਆ ਇਹ ਵੱਡਾ ਕਦਮ
Wednesday, Aug 23, 2017 - 07:40 PM (IST)
ਅਬੋਹਰ (ਰਹੇਜਾ) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ 25 ਅਗਸਤ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਜਾਣਾ ਹੈ, ਜਿਸ ਲਈ ਪੁਲਸ, ਪੈਰਾਮਿਲਟਰੀ ਫੋਰਸ ਦੇ ਨਾਲ ਜ਼ਿਲਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਇਸ ਦੇ ਨਾਲ ਹੀ ਪੁਲਸ ਤੀਜੀ ਅੱਖ ਸੀ. ਸੀ. ਟੀ. ਵੀ. ਰਾਹੀਂ ਵੀ ਚੱਪੇ-ਚੱਪੇ 'ਤੇ ਅਸਮਾਜਿਕ ਤੱਤਾਂ ਦੀ ਕਾਰਜਪ੍ਰਣਾਲੀ 'ਤੇ ਤਿੱਖੀ ਨਜ਼ਰ ਰਖੇਗੀ।
ਇੱਥੈ ਲੱਗੇ ਹਨ ਕੈਮਰੇ
ਸੂਤਰਾਂ ਮੁਤਾਬਕ ਹਨੂਮਾਨਗੜ੍ਹ ਰੋੜ, ਅਗ੍ਰਸੈਨ ਚੌਕ, ਬੱਸ ਸਟੈਂਡ, ਪੁਰਾਣੀ ਸਬਜੀ ਮੰਡੀ, ਕਿਲਿਆਂਵਾਲੀ ਰੋੜ, ਸਿਟੀ ਥਾਣਾ, ਸੁਭਾਸ਼ ਨਗਰ, ਗਾਊਸ਼ਾਲਾ ਰੋੜ, ਨਵੀਂ ਆਬਾਦੀ, ਸ਼੍ਰੀਗੰਗਾਨਗਰ ਚੌਕ ਸਣੇ ਹੋਰ ਥਾਵਾਂ 'ਤੇ ਕਰੀਬ 100 ਕੈਮਰਿਆਂ ਦੀ ਵਿਵਸਥਾ ਕੀਤੀ ਗਈ ਹੈ, ਉਥੇ ਨਗਰ ਦੀਆਂ ਮੁੱਖ ਦੁਕਾਨਾਂ ਅਤੇ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਰਾਹੀਂ ਵੀ ਅਸਮਾਜਿਕ ਤੱਤਾਂ ਦੀ ਕਾਰਵਾਈ ਜਲਦ ਤੋਂ ਜਲਦ ਪੁਲਸ ਅਤੇ ਸਿਵਲ ਪ੍ਰਸ਼ਾਸਨ ਤਕ ਪਹੁੰਚਾਉਣ ਦਾ ਯਤਨ ਕੀਤਾ ਹੈ।
ਡੇਰੇ 'ਚ ਤਾਇਨਾਤ ਪੁਲਸ ਕਰਮਚਾਰੀ
ਸੁਭਾਸ਼ ਨਗਰ ਸਥਿਤ ਡੇਰਾ ਸੱਚਾ ਸੌਦਾ ਦੇ ਨਾਮਚਰਚਾ ਘਰ ਵਿਚ ਕਰੀਬ ਅੱਧਾ ਦਰਜਨ ਪੁਲਸ ਕਰਮਚਾਰੀ 24 ਘੰਟੇ ਮੁਸਤੈਦੀ ਨਾਲ ਡਿਊਟੀ ਦੇਣ ਲਈ ਤੈਨਾਤ ਕੀਤਾ ਗਿਆ ਹੈ, ਉਥੇ ਨਗਰ ਵਿਚ ਵੱਖ ਵੱਖ ਥਾਵਾਂ 'ਤੇ ਪੁਲਸ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਈ ਥਾਵਾਂ 'ਤੇ ਨਾਕੇ ਲਾ ਕੇ ਸ਼ਹਿਰ ਵਿਚ ਦਾਖਲ ਹੋਣ ਵਾਲੀ ਸਾਰਿਆਂ ਗੱਡੀਆਂ ਨੂੰ ਚੈਕ ਕੀਤਾ ਜਾ ਰਿਹਾ ਹੈ। ਸਿਵਲ ਅਤੇ ਪੁਲਸ ਪ੍ਰਸ਼ਾਸਨ ਅਧਿਕਾਰਿਆਂ ਨੇ ਕਿਹਾ ਕਿ ਕਿਸੇ ਵੀ ਅਸਮਾਜਿਕ ਤੱਤ ਨੂੰ ਸਰਕਾਰੀ ਜਾਇਦਾਦ ਨੂੰ ਹਾਨੀ ਨਹੀਂ ਪਹੁੰਚਾਉਣ ਦਿੱਤੀ ਜਾਵੇਗੀ ਅਤੇ ਨਾ ਹੀ ਮਾਹੌਲ ਖਰਾਬ ਕਰਨ ਦਿੱਤਾ ਜਾਵੇਗਾ।
ਡੇਰਾ ਪ੍ਰੇਮੀ ਮਨਾਉਣਗੇ ਦੀਵਾਲੀ
ਨਾਮਚਰਚਾ ਘਰ ਵਿਚ ਵੀ ਮੌਜੂਦ ਸਾਧ ਸੰਗਤ ਨੇ ਵੀ ਨਗਰ ਵਾਸੀਆਂ ਨੂੰ ਡੇਰਾ ਮੁਖੀ ਦੇ ਹੁਕਮ ਮੁਤਾਬਕ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਸਾਧ ਸੰਗਤ ਨੇ ਕਿਹਾ ਕਿ ਉਨ੍ਹਾਂ ਦੇ ਗੁਰੂ ਦੇ ਬਾਇੱਜ਼ਤ ਬ੍ਰੀ ਹੋਣਗੇ ਅਤੇ ਸੰਗਤ ਦੀਵਾਲੀ ਮਨਾਏਗੀ।
