ਗੁਰਲਾਲ ਹੱਤਿਆ ਕਾਂਡ : ਘਟਨਾ ਤੋਂ ਇਕ ਦਿਨ ਪਹਿਲਾਂ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਲੋਕਾਂ ਦੀ ਜਲਦ ਹੋਵੇਗੀ ਪਛਾਣ
Saturday, Oct 02, 2021 - 11:01 PM (IST)
ਫ਼ਰੀਦਕੋਟ(ਰਾਜਨ)- ਗੁਰਲਾਲ ਹੱਤਿਆ ਕਾਂਡ ਨਾਲ ਜੁੜੇ 2 ਸ਼ੂਟਰ ਅਮਿਤ ਕੁਮਾਰ ਅਤੇ ਰਾਜਨ ਜਿਨ੍ਹਾਂ ਨੂੰ ਜ਼ਿਲ੍ਹਾ ਪੁਲਸ ਵੱਲੋਂ ਦਿੱਲੀ ਅਤੇ ਕੁਰੂਕਸ਼ੇਤਰ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਲਿਆਂਦਾ ਹੋਇਆ ਹੈ, ਕੋਲੋਂ ਹੁਣ ਤੱਕ ਦੀ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਇਲਾਕੇ ਦੇ ਕੁਝ ਲੋਕਾਂ ਦੀ ਵੀ ਪਛਾਣ ਹੋ ਗਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਸਵਰਨਦੀਪ ਸਿੰਘ ਨੇ ਦਿੰਦਿਆਂ ਦਾਅਵਾ ਕੀਤਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਦੋਵੇਂ ਸ਼ੂਟਰ ਇਲਾਕੇ ਦੇ ਕਿਹੜੇ ਲੋਕਾਂ ਕੋਲ ਆ ਕੇ ਰੁਕੇ ਸਨ, ਇਸ ਸਬੰਧੀ ਪੁਲਸ ਵੱਲੋਂ ਜਲਦ ਹੀ ਖੁਲਾਸਾ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਦੋ IPS ਸਣੇ ਤਿੰਨ ਪੁਲਸ ਅਧਿਕਾਰੀਆਂ ਦੇ ਤਬਾਦਲੇ
ਜ਼ਿਕਰਯੋਗ ਹੈ ਕਿ ਗੁਰਲਾਲ ਹੱਤਿਆ ਕਾਂਡ ਦੀ ਜਾਂਚ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਪੁਲਸ ਵੱਲੋਂ ਉਕਤ ਦੋਵਾਂ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਲਿਆ ਕੇ ਇਨਾਂ ਦੋਵਾਂ ਦਾ 6–7 ਅਕਤੂਬਰ ਤੱਕ ਪੁਲਸ ਰਿਮਾਂਡ ਲਿਆ ਹੋਇਆ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਗੁਰਲਾਲ ਹੱਤਿਆ ਕਾਂਡ ਦੇ ਇਹ ਦੋਵੇਂ ਅਜਿਹੇ ਮੁਲਜ਼ਮ ਹਨ, ਜੋ ਪੁਲਸ ਨੂੰ ਅਹਿਮ ਜਾਣਕਾਰੀਆਂ ਦੇ ਸਕਦੇ ਹਨ ਕਿ ਇਸ ਹੱਤਿਆ ਕਾਂਡ ਦੇ ਤਾਰ ਕਿੱਥੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੁਲਸ ਇਸ ਮਾਮਲੇ ਦੀ ਤਹਿ ਤੱਕ ਜਾਵੇਗੀ ਅਤੇ ਜਲਦ ਹੀ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਵੇਗੀ, ਜਿਨ੍ਹਾਂ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਪਨਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹੱਤਿਆ ਕਾਂਡ ਨੂੰ ਆਪ੍ਰੇਟ ਕਰਨ ਵਾਲਾ ਗੈਂਸਟਰ ਲਾਰੈਂਸ ਬਿਸ਼ਨੋਈ ਹੈ, ਜਦਕਿ ਹਰਿਆਣਾ ਦੇ ਗੈਂਗਸਟਰ ਕਾਲਾ ਜਠੇੜੀ ਗਰੁੱਪ ਨਾਲ ਸਬੰਧਿਤ ਇਨ੍ਹਾਂ ਦੋਵਾਂ ਸ਼ੂਟਰਾਂ ਤੋਂ ਹੋਰ ਵੀ ਬਾਰੀਕੀ ਨਾਲ ਪੁੱਛ ਗਿੱਛ ਜਾਰੀ ਹੈ।