27 ਸਾਲ ਪੁਰਾਣੇ ਛੇੜਛਾੜ ਮਾਮਲੇ ''ਚ ਘਿਰੇ ਮੰਤਰੀ ''ਗੁਰਕੀਰਤ ਕੋਟਲੀ'', ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ
Wednesday, Oct 06, 2021 - 04:23 PM (IST)
ਲੁਧਿਆਣਾ (ਨਰਿੰਦਰ) : ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਅੰਦਰ ਘਮਾਸਾਨ ਮਚਿਆ ਹੋਇਆ ਹੈ। ਉੱਥੇ ਹੀ ਪਾਰਟੀ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ 27 ਸਾਲ ਪੁਰਾਣੇ ਛੇੜਛਾੜ ਦੇ ਮਾਮਲੇ 'ਚ ਘਿਰ ਗਏ ਹਨ। ਜਾਣਕਾਰੀ ਮੁਤਾਬਕ ਸਾਲ 1994 (27 ਸਾਲ ਪਹਿਲਾਂ) ਵਿਚ ਫਰਾਂਸ ਦੀ ਜਨਾਨੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਵਿੱਚ ਜਵਾਬਦੇਹੀ ਮੰਗੀ ਗਈ ਹੈ।
ਫਰਾਂਸ ਦੀ ਜਨਾਨੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਸ ਪੂਰੇ ਮਾਮਲੇ 'ਚ ਕੈਬਿਨਟ ਮੰਤਰੀ ਗੁਰਕੀਰਤ ਕੋਟਲੀ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ ਅਤੇ ਜਨਾਨੀ ਵੱਲੋਂ ਫਰਾਂਸ ਵਾਪਸ ਚਲੇ ਜਾਣ ਕਰਕੇ ਇਹ ਕੇਸ ਠੰਢੇ ਬਸਤੇ 'ਚ ਪੈ ਗਿਆ। ਇਸ ਤੋਂ ਬਾਅਦ ਸਾਲ 2017 'ਚ ਇਹ ਪੂਰਾ ਮਾਮਲਾ ਇੱਕ ਵਾਰ ਮੁੜ ਤੋਂ ਭਖਿਆ ਅਤੇ ਹੁਣ ਗੁਰਕੀਰਤ ਕੋਟਲੀ ਨੂੰ ਪੰਜਾਬ ਕੈਬਨਿਟ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੌਮੀ ਮਹਿਲਾ ਕਮਿਸ਼ਨ ਵੱਲੋਂ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਗੁਰਕੀਰਤ ਕੋਟਲੀ 'ਤੇ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਫਰਾਂਸ ਦੀ ਜਨਾਨੀ ਨੂੰ ਅਗਵਾ ਕਰਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਪੂਰੇ ਮਾਮਲੇ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਗੁਰਕੀਰਤ ਕੋਟਲੀ ਦੇ ਦਾਦੇ ਨੇ ਹਿੰਮਤ ਵਿਖਾਉਂਦਿਆਂ ਇਨ੍ਹਾਂ 'ਤੇ ਪਰਚਾ ਦਰਜ ਕਰਵਾਇਆ ਸੀ ਪਰ ਜਨਾਨੀ ਨੂੰ ਡਰਾਇਆ-ਧਮਕਾਇਆ ਗਿਆ, ਜਿਸ ਤੋਂ ਬਾਅਦ ਉਹ ਫਰਾਂਸ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 12 IAS ਤੇ 5 PCS ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ
ਅਕਾਲੀ ਦਲ ਨੇ ਕਿਹਾ ਹੈ ਕਿ ਇਸ ਪੂਰੇ ਕੇਸ ਨੂੰ ਗਵਾਹਾਂ ਦੀ ਅਣਹੋਂਦ ਕਾਰਨ ਦਬਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਟਲੀ ਬਰੀ ਨਹੀਂ ਹੋਏ ਸਗੋਂ ਕੇਸ ਹੀ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਸਲਾ ਹੈ ਅਤੇ ਇਸ ਪੂਰੇ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਨੂੰ ਸਖ਼ਤ ਕਾਰਵਾਈ ਕਰਦਿਆਂ ਗੁਰਕੀਰਤ ਕੋਟਲੀ ਨੂੰ ਕੈਬਿਨਟ ਅਹੁਦੇ ਤੋਂ ਲਾਉਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ