ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ

Friday, Jan 10, 2020 - 05:39 PM (IST)

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ

ਪਾਉਂਟਾ ਸਾਹਿਬ/ਅੰਮ੍ਰਿਤਸਰ (ਦੀਪਕ) : ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਆਨਲਾਈਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਸੰਗਤਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜਾਣ ਤੋਂ ਪਹਿਲਾਂ ਹੀ ਆਪਣੀ ਰਿਹਾਇਸ਼ ਰਾਖਵੀਂ ਕਰਵਾ ਸਕਣਗੀਆਂ। ਇਸ ਕਾਰਜ ਨੂੰ ਜਲਦ ਹੀ ਅਮਲੀ ਰੂਪ ਦਿੱਤਾ ਜਾਵੇਗਾ।ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕੱਤਰਤਾ 'ਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਕਿਲ੍ਹਾ ਲੋਹਗੜ੍ਹ ਸਾਹਿਬ ਹਰਿਆਣਾ ਦੀ ਚਾਰ ਦਿਵਾਰੀ ਕਰਨ ਅਤੇ ਰਸਤਾ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਖੇਤਰ 'ਚ ਪੈਂਦੀ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਕੁਝ ਜ਼ਮੀਨ ਸ੍ਰੀ ਪਾਉਂਟਾ ਸਾਹਿਬ ਦੀ ਹੋਣ ਕਰ ਕੇ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਯਤਨਾਂ ਨਾਲ ਹਿਮਾਚਲ ਪ੍ਰਦੇਸ਼ ਅੰਦਰ ਧਰਮ ਪ੍ਰਚਾਰ ਲਹਿਰ ਨੂੰ ਸਰਗਰਮ ਕਰਨ ਦਾ ਵੀ ਫੈਸਲਾ ਕੀਤਾ ਗਿਆ।

ਭਾਈ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਕੇਂਦਰ ਵਜੋਂ ਉਭਾਰਦਿਆਂ ਹਿਮਾਚਲ ਪ੍ਰਦੇਸ਼ ਅੰਦਰ ਸ਼੍ਰੋਮਣੀ ਕਮੇਟੀ ਵਲੋਂ ਜ਼ੋਰਦਾਰ ਧਰਮ ਪ੍ਰਚਾਰ ਮੁਹਿੰਮ ਆਰੰਭੀ ਜਾਵੇਗੀ। ਇਸ ਤਹਿਤ ਸੰਗਤਾਂ ਅੰਦਰ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਭਾਈ ਲੌਂਗੋਵਾਲ ਅਨੁਸਾਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਧਰਮ ਪ੍ਰਚਾਰ ਦਾ ਹੈੱਡ ਕੁਆਟਰ ਸਥਾਪਤ ਕਰ ਕੇ ਇੱਥੇ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰਚਾਰਕ, ਢਾਡੀ ਅਤੇ ਕਵੀਸ਼ਰੀ ਜਥੇ ਭੇਜੇ ਜਾਣਗੇ, ਜੋ ਅੱਗੇ ਪਿੰਡ ਪੱਧਰ ਤੱਕ ਧਰਮ ਪ੍ਰਚਾਰ ਲਈ ਕਾਰਜਸ਼ੀਲ ਹੋਣਗੇ। ਇਹ ਪ੍ਰਚਾਰ ਕੇਂਦਰ ਧਰਮ ਪ੍ਰਚਾਰ ਲਹਿਰ ਦੇ ਦੁਆਬਾ ਜ਼ੋਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੋੜਿਆ ਜਾਵੇਗਾ। ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ ਅਤੇ ਸੰਗਤੀ ਸਹੂਲਤਾਂ ਸਬੰਧੀ ਮਾਮਲੇ ਵੀ ਵਿਚਾਰੇ ਗਏ।

ਐੱਨ. ਆਰ. ਆਈ. ਨਿਵਾਸ ਸੰਗਤ ਅਰਪਣ
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐੱਨ.ਆਰ.ਆਈ. ਨਿਵਾਸ ਦਾ ਉਦਘਾਟਨ ਕੀਤਾ। ਇਸ ਚਾਰ ਮੰਜ਼ਿਲਾ ਯਾਤਰੀ ਨਿਵਾਸ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵੱਲੋਂ ਵਰੋਸਾਏ ਬਾਬਾ ਸੁੱਖਾ ਸਿੰਘ ਨੇ ਕਰਵਾਈ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇਹ ਅਤਿ-ਅਧੁਨਿਕ ਨਿਵਾਸ ਵਿਚ 70 ਦੇ ਕਰੀਬ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਮੀਟਿੰਗ ਹਾਲ ਅਤੇ ਕਾਰ ਪਾਰਕਿੰਗ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਨਵਾਂ ਦੀਵਾਨ ਹਾਲ ਵੀ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਇਸੇ ਦੌਰਾਨ ਭਾਈ ਲੌਂਗੋਵਾਲ ਨੇ ਗੁਰਦੁਆਰਾ ਸਾਹਿਬ ਵਿਖੇ 320 ਕੇ.ਵੀ. ਦੇ ਜਨਰੇਟਰ ਅਤੇ 400 ਕੇ.ਵੀ. ਟਰਾਂਸਫਾਰਮਰ ਦੀ ਰਸਮੀ ਸ਼ੁਰੂ ਵੀ ਕੀਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਅਸੰਧ, ਵਿਧਾਇਕ ਚੌਧਰੀ ਸੁਖਰਾਮ ਜੀ, ਸ. ਦਰਸ਼ਨ ਸਿੰਘ ਪੀਏ, ਬਾਬਾ ਅਮਰੀਕ ਸਿੰਘ ਪਟਿਆਲਾ, ਸ. ਓਂਕਾਰ ਸਿੰਘ, ਸ. ਅਵਤਾਰ ਸਿੰਘ ਤਾਰੀ, ਸ. ਦਰਸ਼ਨ ਸਿੰਘ ਪ੍ਰਧਾਨ ਸੁਖਮਨੀ ਸੁਸਾਇਟੀ, ਸ. ਤਰਵਿੰਦਰ ਸਿੰਘ, ਸ. ਜਸਵੰਤ ਸਿੰਘ ਆਦਿ ਮੌਜੂਦ ਸਨ।


author

Baljeet Kaur

Content Editor

Related News