ਸੋਨੇ ਦੀ ਝਾਲ ਵਾਲਾ ਪੱਤਰਾ ਪੂਰੀ ਤਰ੍ਹਾਂ ਸੁਰੱਖਿਅਤ, ਝੂਠਾ ਪ੍ਰਚਾਰ ਨਾ ਕਰਨ ਦੀ ਅਪੀਲ

11/21/2019 5:22:08 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)— 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਇਤਿਹਾਸਕ ਗੁ. ਸ੍ਰੀ ਬੇਰ ਸਾਹਿਬ 'ਚ ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲਿਆਂ ਵੱਲੋਂ ਚੜ੍ਹਾਏ ਗਏ ਸੋਨੇ ਦੇ ਪੱਤਰੇ ਸੰਬੰਧੀ ਸ਼ੋਸ਼ਲ ਮੀਡੀਆ 'ਤੇ ਕਈ ਪ੍ਰਕਾਰ ਦਾ ਵਿਵਾਦ ਭਖਦਾ ਜਾ ਰਿਹਾ ਹੈ। ਇਸ ਸੰਬੰਧੀ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਗੁ. ਬੇਰ ਸਾਹਿਬ ਦੇ ਪ੍ਰਬੰਧਕਾਂ ਖਿਲਾਫ ਸੋਨੇ ਦੇ ਚੜ੍ਹਾਏ ਗਏ ਪੱਤਰੇ ਦੇ ਉਤਾਰ ਕੇ ਚੋਰੀ ਕਰਨ ਦੇ ਸੰਗੀਨ ਦੋਸ਼ ਲਗਾਏ ਜਾ ਰਹੇ ਹਨ ਅਤੇ ਕੁਝ ਸਿਆਸੀ ਆਗੂਆਂ ਵੱਲੋਂ ਵੀ ਇਸ ਮਾਮਲੇ ਨੂੰ ਹੋਰ ਤੂਲ ਦੇ ਕੇ ਵਿਵਾਦ ਭਖਾਇਆ ਜਾ ਰਿਹਾ ਹੈ। 

ਇਸ ਮਾਮਲੇ ਸੰਬੰਧੀ ਗੁ. ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਅਤੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਸੋਨੇ ਦੇ ਪੱਤਰੇ ਚੋਰੀ ਹੋਣ ਬਾਰੇ ਝੂਠਾ ਪ੍ਰਚਾਰ ਕਰਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਐਵੇਂ ਬਦਨਾਮ ਕਰਨ ਦੀ ਸ਼ਾਜਿਸ਼ ਕੀਤੀ ਜਾ ਰਹੀ ਹੈ।  ਮੈਨੇਜਰ ਸ. ਰਿਆੜ ਨੇ ਇਸ ਬਾਰੇ ਗਲਤ ਪ੍ਰਚਾਰ ਨੂੰ ਮੰਦਭਾਗਾ ਕਰਾਰ ਦਿੰਦੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਧੀਨ ਕਿਸੇ ਵੀ ਗੁਰਦੁਆਰਾ ਸਾਹਿਬ ਜਦੋਂ ਵੀ ਕੋਈ ਸ਼ਰਧਾਲੂ ਸੋਨੇ ਅਤੇ ਚਾਂਦੀ ਆਦਿ ਦੀ ਚੀਜ ਚੜ੍ਹਾਈ ਜਾਂਦੀ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਦੇ ਰਿਕਾਰਡ 'ਚ ਦਰਜ ਕਰਕੇ ਸੋਨੇ, ਚਾਂਦੀ ਦੀ ਜਾਂਚ ਕਿਸੇ ਸੋਨੇ ਦੇ ਮਾਹਿਰ ਦੁਕਾਨਦਾਰਾਂ ਕੋਲੋਂ ਚੈਕਿੰਗ ਕਰਵਾਈ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ 'ਚ ਕੋਈ ਵੀ ਅਜਿਹੀ ਕੀਮਤੀ ਚੀਜ਼ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫੈਸਲੇ ਤੋਂ ਅਨੁਸਾਰ ਹੀ ਲਗਾਈ ਜਾਂਦੀ ਹੈ । ਉਨ੍ਹਾਂ ਦੱਸਿਆ ਕਿ 10 ਨਵੰਬਰ ਦੀ ਰਾਤ ਨੂੰ ਗੁ. ਸ੍ਰੀ ਬੇਰ ਸਾਹਿਬ ਦੇ ਮੁੱਖ ਦਰਬਾਰ ਵਿਖੇ ਸੋਨੇ ਦੀ ਝਾਲ ਵਾਲੇ ਤਾਂਬੇ ਦਾ ਪੱਤਰਾ ਬਾਬਾ ਸੁਖਦੇਵ ਸਿੰਘ ਭੁੱਚੋ ਮੰਡੀ ਵਾਲਿਆਂ ਵੱਲੋਂ ਭੇਂਟ ਕੀਤਾ ਗਿਆ ਸੀ।  ਇਸ ਨੂੰ ਗੁਰਦੁਆਰਾ ਬੇਰ ਸਾਹਿਬ ਦੇ ਖਜਾਨੇ 'ਚ ਸੰਭਾਲਿਆ ਗਿਆ ਹੈ। ਉਨ੍ਹਾਂ ਸ਼ਪੱਸ਼ਟ ਕੀਤਾ ਕਿ ਗੁਰਦੁਆਰਾ ਸਾਹਿਬ ਅੰਦਰ ਚੜ੍ਹਾਈ ਜਾਂਦੀ ਕਿਸੇ ਵੀ ਕੀਮਤੀ ਵਸਤੂ ਨੂੰ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਕਵਾਇਲਟੀ ਚੈੱਕ ਕਰਵਾਉਣ ਮਗਰੋਂ ਰਸੀਦ ਰਾਹੀਂ ਖਜਾਨੇ 'ਚ ਜਮ੍ਹਾ ਕੀਤਾ ਜਾਂਦਾ ਹੈ। ਇਸੇ ਅਨੁਸਾਰ ਹੀ ਗੁ. ਸ੍ਰੀ ਬੇਰ ਸਾਹਿਬ ਵਿਖੇ ਚੜ੍ਹਾਇਆ ਸੁਨਿਹਰੀ ਪੱਤਰਾ ਵੀ ਗੁਰਦੁਆਰਾ ਸਾਹਿਬ ਦੇ ਖਜਾਨੇ 'ਚ ਸਰੁੱਖਿਅਤ ਸੰਭਾਲਿਆ ਗਿਆ ਹੈ, ਜਿਸ ਦਾ ਸੋਨਾਂ ਚਾਂਦੀ ਰਸੀਦ ਨੰਬਰ 25908 ਮਿਤੀ 14 ਨਵੰਬਰ 2019 ਦਰਜ ਹੈ। 

ਮੈਨੇਜਰ ਰਿਆੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਬਹੁਤ ਹੀ ਵਧੀਆ ਢੰਗ ਨਾਲ ਸੰਪੂਰਨ ਹੋਏ ਹਨ। ਸਮੂਹ ਸੰਤਾਂ ਮਹਾਂਪੁਰਸ਼ਾਂ ਅਤੇ ਵੱਖ-ਵੱਖ ਰਾਜਾਂ ਦੀਆਂ ਸੰਗਤਾਂ ਸੁਲਤਾਨਪੁਰ ਲੋਧੀ 'ਚ ਪੁੱਜੀਆਂ ਅਤੇ ਹਰ ਪ੍ਰਕਾਰ ਦੇ ਲੰਗਰ ਲਗਾ ਕੇ ਸੰਗਤਾਂ ਦੀ ਅਣਥੱਕ ਸੇਵਾ ਸ਼ਰਧਾ ਭਾਵ ਨਾਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਕੁਝ ਵਿਹਲੜ ਲੋਕ ਜਾਣਬੁੱਝ ਕੇ ਸਿੱਖ ਪੰਥ ਦੀ ਨੁਮਾਇੰਦਾ ਧਾਰਮਿਕ ਸੰਸਥਾ ਨੂੰ ਬਦਨਾਮ ਕਰਨ ਸ਼ੋਸ਼ਲ ਮੀਡੀਆ 'ਤੇ ਝੂਠੀਆਂ ਪੋਸਟਾਂ ਪਾ ਰਹੇ ਹਨ ਅਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। 
ਮੈਨੇਜਰ ਰਿਆੜ ਅਤੇ ਹੈੱਡ ਗ੍ਰੰਥੀ ਭਾਈ ਸਭਰਾਅ ਨੇ ਕਿਹਾ ਕਿ ਸੋਨੇ ਦੀ ਝਾਲ ਵਾਲਾ ਸੁਨਿਹਰੀ ਪੱਤਰਾ ਬਕਾਇਦਾ ਗੁ. ਸਾਹਿਬ ਅੰਦਰ ਸੰਭਾਲ ਕੇ ਰੱਖਿਆ ਗਿਆ ਹੈ ਅਤੇ ਚੋਰੀ ਹੋਣ ਵਾਲੀ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਗੁੰਮਰਾਹ ਨਾ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਅਤੇ ਬਿਨਾਂ ਤਸਦੀਕ ਕੀਤੇ ਮਨਘੜਤ ਬਿਆਨਬਾਜੀ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਸ਼ਰਧਾ ਭਾਵ ਨਾਲ ਸ਼ਰਧਾਲੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਲਈ ਆ ਰਹੀਆਂ ਹਨ, ਜਿਨ੍ਹਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ।


shivani attri

Content Editor

Related News