ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਹੋਏ ਕਤਲ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ, ਕਰ ਸਕਦੈ ਵੱਡੇ ਖੁਲਾਸੇ

07/16/2022 2:13:24 PM

ਕਪੂਰਥਲਾ (ਭੂਸ਼ਣ, ਮਲਹੋਤਰਾ) : ਪਿਛਲੇ ਸਾਲ 17 ਦਸੰਬਰ ਦੀ ਰਾਤ ਨੇੜਲੇ ਪਿੰਡ ਨਿਜ਼ਾਮਪੁਰ ’ਚ ਗੁਰਦੁਆਰਾ ਸਾਹਿਬ ’ਚ ਵੜੇ ਇਕ ਲੜਕੇ ਦੇ ਕਤਲ ਮਾਮਲੇ ’ਚ ਲੋੜੀਂਦੇ ਇਕ ਮੁਲਜ਼ਮ ਨੂੰ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੀ ਪੁਲਸ ਨੇ ਮੱਧ ਪ੍ਰਦੇਸ਼ ਬਾਰਡਰ ਤੋਂ ਉਸਦੇ ਇਕ ਸਾਥੀ ਸਮੇਤ 2 ਨਾਜਾਇਜ਼ ਪਿਸਤੌਲਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 17 ਦਸੰਬਰ ਦੀ ਰਾਤ ਸੁਭਾਨਪੁਰ ਮਾਰਗ ’ਤੇ ਪੈਂਦੇ ਨਿਜ਼ਾਮਪੁਰ ਮੋੜ ’ਚ ਇਕ ਗੁਰਦੁਆਰਾ ਸਾਹਿਬ ਦੇ ਅੰਦਰ ਵੜੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸਨੂੰ ਲੈ ਕੇ ਕਪੂਰਥਲਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਦੇ ਹੋਏ 3 ਮੁਲਜ਼ਮਾਂ ਗ੍ਰੰਥੀ ਅਮਰਜੀਤ ਸਿੰਘ, ਲਵਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ ਪਰਵਾਨਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਪੂਰੇ ਘਟਨਾਕ੍ਰਮ ਦੌਰਾਨ ਕਤਲ ਦਾ ਸ਼ਿਕਾਰ ਹੋਏ ਲੜਕੇ ’ਤੇ ਥਾਣਾ ਕੋਤਵਾਲੀ ਦੇ ਉਸ ਵੇਲੇ ਦੇ ਐੱਸ. ਐੱਚ. ਓ. ’ਤੇ ਨਾਜਾਇਜ਼ ਪਿਸਤੌਲ ਨਾਲ ਸਿੱਧਾ ਫਾਇਰ ਕਰਨ ਤੇ ਬਾਅਦ ’ਚ ਇਕ ਵਿਅਕਤੀ ਪਾਸੋਂ ਕ੍ਰਿਪਾਨ ਖੋਹ ਕੇ ਕਤਲ ਦਾ ਸ਼ਿਕਾਰ ਹੋਏ ਲੜਕੇ ’ਤੇ ਕਈ ਵਾਰ ਕਰਨ ਦੇ ਮਾਮਲੇ ’ਚ ਸ਼ਾਮਲ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਮੰਡਾਲਾ ਥਾਣਾ ਬਹਿਰਾਮਪੁਰ ਜ਼ਿਲ੍ਹਾ ਨਵਾਂਸ਼ਹਿਰ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪਾਮਾਰੀ ਚੱਲ ਰਹੀ ਸੀ।

ਉਕਤ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਡੀ. ਐੱਸ. ਪੀ. ਸਬ ਡਵੀਜ਼ਨ ਮਨਿੰਦਰਪਾਲ ਸਿੰਘ ਦੀ ਅਗਵਾਈ ’ਚ ਇਕ ਵਿਸ਼ੇਸ਼ ਟੀਮ ਜਿਸ ’ਚ ਐੱਸ. ਐੱਚ. ਓ. ਕੋਤਵਾਲੀ ਰਸ਼ਪਾਲ ਸਿੰਘ ਵੀ ਸ਼ਾਮਲ ਸਨ, ਨੂੰ ਫਰਾਰ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਸਨ। ਮੁਲਜ਼ਮ ਦੀ ਭਾਲ ’ਚ ਲੱਗੀ ਪੁਲਸ ਟੀਮ ਨੂੰ ਥਾਣਾ ਨਿੰਬਾਹੇੜੇ ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਦੀ ਪੁਲਸ ਨੇ ਸੂਚਨਾ ਦਿੱਤੀ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਨੂੰ ਉਸਦੇ ਇਕ ਹੋਰ ਸਾਥੀ ਨਾਲ ਮੱਧ ਪ੍ਰਦੇਸ਼ ਦੇ ਬਾਰਡਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਹਾਂ ਮੁਲਜ਼ਮਾਂ ਪਾਸੋਂ 2 ਨਾਜਾਇਜ਼ ਪਿਸਤੌਲਾਂ ਵੀ ਬਰਾਮਦ ਹੋਈਆਂ ਹਨ, ਜਿਸ ’ਤੇ ਥਾਣਾ ਕੋਤਵਾਲੀ ਐੱਸ. ਐੱਚ. ਓ. ਰਸ਼ਪਾਲ ਸਿੰਘ ਨੇ ਪੁਲਸ ਟੀਮ ਨਾਲ ਚਿਤੌੜਗੜ੍ਹ ਜਾ ਕੇ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸਨੂੰ ਅਦਾਲਤ ਨੇ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਪਾਸੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।


Gurminder Singh

Content Editor

Related News