ਗੁਰਦੁਆਰਾ ਸਾਹਿਬ ਦੇ ਕੈਮਰਿਆਂ ਨੇ ਖੋਲ੍ਹੀ ਪੋਲ, ਸਾਹਮਣੇ ਆਈ ਸਾਬਕਾ ਗ੍ਰੰਥੀ ਦੀ ਕਰਤੂਤ
Monday, Nov 18, 2019 - 04:15 PM (IST)
![ਗੁਰਦੁਆਰਾ ਸਾਹਿਬ ਦੇ ਕੈਮਰਿਆਂ ਨੇ ਖੋਲ੍ਹੀ ਪੋਲ, ਸਾਹਮਣੇ ਆਈ ਸਾਬਕਾ ਗ੍ਰੰਥੀ ਦੀ ਕਰਤੂਤ](https://static.jagbani.com/multimedia/2019_11image_16_15_127177955gurduwara.jpg)
ਮੋਗਾ (ਵਿਪਨ) : ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਕੁਟੀਆ ਸਾਹਿਬ ਵਿਚ ਸਾਬਕਾ ਗ੍ਰੰਥੀ ਸਿੰਘ ਅਤੇ ਪ੍ਰਚਾਰਕ ਵਲੋਂ ਗੁਰਦੁਆਰਾ ਸਾਹਿਬ ਵਿਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਆਪਣੇ ਸ੍ਰੀ ਸਾਹਿਬ ਨਾਲ ਗੋਲਕ ਵਿਚ ਮਾਇਆ ਚੋਰੀ ਕਰਦਾ ਸੀ। ਜੱਥੇਦਾਰ ਹਰਮੇਲ ਸਿੰਘ ਬੁੱਟਰ ਪ੍ਰਧਾਨ, ਗਗਨਦੀਪ ਸਿੰਘ ਕਮੇਟੀ ਮੈਂਬਰ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਗੋਲਕ ਵਿਚੋਂ ਮਾਇਆ ਚੋਰੀ ਹੁੰਦੀ ਹੈ। ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਰੇ ਕੈਮਰੇ ਚਾਲੂ ਕਰਵਾ ਦਿੱਤੇ ਅਤੇ ਬੀਤੇ ਦਿਨੀਂ ਜਦੋਂ ਪਿੰਡ ਵਿਚ ਨਗਰ ਕੀਰਤਨ ਸੀ ਤਾਂ ਹਰੀ ਸਿੰਘ ਨੇ ਫਿਰ ਗੋਲਕ 'ਚੋਂ ਮਾਇਆ ਚੋਰੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੋਲਕ 'ਚੋਂ ਦੋ ਵਾਰ ਮਾਇਆ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇਖੇ ਗਏ ਤਾਂ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਹਰੀ ਸਿੰਘ ਗੋਲਕ 'ਚੋਂ ਚੋਰੀ ਕਰਦਾ ਸਾਫ ਦਿਖਾਈ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗ੍ਰੰਥੀ 'ਤੇ ਪਹਿਲਾਂ ਵੀ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ ਅਤੇ ਇਹ ਚਿੱਟੇ ਦਾ ਨਸ਼ਾ ਕਰਨ ਦਾ ਵੀ ਆਦੀ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਪੁਲਸ ਅਧਿਕਾਰੀ ਨਾਇਬ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਹਰੀ ਸਿੰਘ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ਵਿਚ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।