ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ ਕਰਨ ਵਾਲੇ 2 ਗ੍ਰਿਫਤਾਰ

Sunday, Feb 12, 2023 - 01:29 PM (IST)

ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ ਕਰਨ ਵਾਲੇ 2 ਗ੍ਰਿਫਤਾਰ

ਲੁਧਿਆਣਾ (ਅਨਿਲ) : ਥਾਣਾ ਬਸਤੀ ਜੋਧੇਵਾਲ ਅਧੀਨ ਆਉਂਦੇ ਪਿੰਡ ਕਾਕੋਵਾਲ ਦੇ ਗੁਰਦੁਆਰਾ ਸਾਹਿਬ ਤੋਂ ਗੋਲਕ ਚੋਰੀ ਕਰਨ ਦੇ ਦੋਸ਼ ’ਚ ਪੁਲਸ ਨੇ 4 ਮੁਲਜ਼ਮਾਂ ਖ਼ਿਲਾਫ ਚੋਰੀ ਦਾ ਕੇਸ ਦਰਜ ਕੀਤਾ ਹੈ। ਪਿੰਡ ਕਾਕੋਵਾਲ ਦੇ ਰਹਿਣ ਵਾਲੇ ਗੁਰਪਾਲ ਪੁੱਤਰ ਰਾਮ ਆਸਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਫਰਵਰੀ ਦੀ ਸਵੇਰ ਉਸ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜਮੇਰ ਸਿੰਘ ਦਾ ਫੋਨ ਆਇਆ ਕਿ ਗੁਰਦੁਆਰਾ ਸਾਹਿਬ ਤੋਂ ਗੋਲਕ ਚੋਰੀ ਹੋ ਗਈ ਹੈ, ਜਿਸ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਪੁੱਜ ਕੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ’ਚ ਰਾਤ 2 ਵੱਜ ਕੇ 46 ਮਿੰਟ ’ਤੇ 4 ਅਣਪਛਾਤੇ ਵਿਅਕਤੀ ਗੇਟ ਦਾ ਜਿੰਦਾ ਕੱਟ ਕੇ ਗੁਰਦੁਆਰਾ ਸਾਹਿਬ ’ਚ ਦਾਖਲ ਹੋਏ, ਜੋ ਉਥੇ ਅੰਦਰ ਪਈ ਗੋਲਕ ਚੋਰੀ ਕਰ ਕੇ ਲੈ ਗਏ।

ਇਸ ਸਬੰਧੀ ਉਨ੍ਹਾਂ ਨੇ ਜੋਧੇਵਾਲ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਗੋਲਕ ਚੋਰੀ ਕਰਨ ਵਾਲੇ ਕਿਸ਼ਨਾ ਪੁੱਤਰ ਜੁਗਨੂੰ ਨਾਥ ਵਾਸੀ ਏਕਤਾ ਕਾਲੋਨੀ, ਸਾਹਿਲ ਨਾਥ ਪੁੱਤਰ ਜੀਤੀ ਨਾਥ, ਅਮਨ ਪੁੱਤਰ ਮੇਲਾ ਨਾਥ ਅਤੇ ਸੇਖੂ ਪੁੱਤਰ ਤਿਰੰਗਾ ਨਾਥ ਵਾਸੀ ਰਵੀ ਕਾਲੋਨੀ ਖਵਾਜਕੇ ਖ਼ਿਲਾਫ ਕੇਸ ਦਰਜ ਕਰ ਲਿਆ ਹੈ, ਜਿਸ ਵਿਚੋਂ ਕਿਸ਼ਨਾ ਅਤੇ ਸਾਹਿਲ ਨਾਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News