ਢਿੱਲਵਾਂ ਕਲਾਂ ਵਿਖੇ ਗੁਰਦੁਆਰਾ ਸਾਹਿਬ ''ਚ ਲੱਗੀ ਅੱਗ
Friday, Apr 27, 2018 - 07:14 PM (IST)

ਕੋਟਕਪੂਰਾ (ਨਰਿੰਦਰ) : ਬੀਤੀ ਰਾਤ ਪਿੰਡ ਢਿਲਵਾਂ ਕਲਾਂ ਦੇ ਗੁਰਦੁਆਰਾ ਗੋਦਵਰੀਸਰ ਵਿਖੇ ਅੱਗ ਲੱਗ ਗਈ। ਇਸ ਅੱਗ ਕਾਰਨ ਕਾਫੀ ਸਾਮਾਨ ਸੜ ਗਿਆ ਪਰ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12.30 ਵਜੇ ਪਤਾ ਲੱਗਾ ਕਿ ਲੰਗਰ ਹਾਲ ਦੇ ਨਜ਼ਦੀਕ ਗੈਰੇਜ 'ਚ ਅੱਗ ਲੱਗੀ ਹੋਈ ਹੈ। ਉਨ੍ਹਾਂ ਸਪੀਕਰ 'ਤੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਥੋੜ੍ਹੀ ਦੇਰ ਵਿਚ ਹੀ ਸੈਂਕੜੇ ਦੀ ਗਿਣਤੀ 'ਚ ਪਿੰਡ ਵਾਸੀ ਅਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਭਾਰੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਇਸ ਦੌਰਾਨ ਗੈਰੇਜ 'ਚ ਖੜ੍ਹੇ ਕਾਰ ਸੇਵਾ ਵਾਲੇ ਇਕ ਕੈਂਟਰ ਦਾ ਇੰਜਣ ਵਾਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਅਤੇ ਪਿਛਲੇ ਹਿੱਸਾ ਨੂੰ ਵੀ ਕਾਫੀ ਨੁਕਸਾਨ ਪੁੱਜਿਆ। ਉਨ੍ਹਾਂ ਦੱਸਿਆ ਕਿ ਲੰਗਰ ਲਈ ਇਕੱਠੀ ਕੀਤੀ ਕਰੀਬ 100 ਮਣ ਕਣਕ ਵੀ ਸੜ ਗਈ। ਇਸ ਤੋਂ ਇਲਾਵਾ ਇਕ ਟਰਾਲੀ, ਗੈਰੇਜ ਦੀਆਂ ਬਾਰੀਆਂ, ਮੰਜੇ, ਬਾਲੀਆਂ ਅਤੇ ਹੋਰ ਸਾਮਾਨ ਵੀ ਸੜ ਗਿਆ। ਡਾਟ ਵਾਲੀ ਛੱਤ ਦੇ ਦੋ ਖਣ ਡਿੱਗ ਪਏ ਅਤੇ ਤਿੰਨ ਖਣ ਡਿੱਗਣ ਕੰਢੇ ਸਨ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਗੱਡੀਆਂ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਜਲਦ ਹੀ ਅੱਗ 'ਤੇ ਕਾਬੂ ਪਾ ਲਿਆ ਅਤੇ ਵੱਡਾ ਨੁਕਸਾਨ ਹੋਣੋਂ ਬਚ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਸ਼ੱਕ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ।