ਗੁਰਦੁਆਰਾ ਸਾਹਿਬ ''ਚ ਅੱਗ ਲੱਗਣ ਕਾਰਣ ਗੁਰੂ ਸਾਹਿਬ ਦਾ ਸਰੂਪ ਤੇ ਪੋਥੀਆਂ ਅਗਨ ਭੇਟ

07/11/2020 6:00:07 PM

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਮੱਤੇਵਾੜਾ ਵਿਖੇ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਚ ਸ਼ਾਰਟ ਸ਼ਰਕਟ ਨਾਲ ਅੱਗ ਲੱਗਣ ਕਾਰਣ ਗੁਰੂ ਘਰ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਗਈਆਂ। ਪਿੰਡ ਮੱਤੇਵਾੜਾ ਦੇ ਨਿਵਾਸੀ ਸੰਨੀ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਘਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਿਲਕੁਲ ਨਾਲ ਹੈ ਅਤੇ ਕਰੀਬ 12 ਵਜੇ ਇਕ ਔਰਤ ਬਖ਼ਸ਼ੀਸ਼ ਕੌਰ ਨੇ ਰੌਲਾ ਪਾ ਦਿੱਤਾ ਕਿ ਗੁਰੂ ਘਰ ਦੇ ਰੌਸ਼ਨਦਾਨ 'ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਹੋਰ ਕਈ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਜਦੋਂ ਗੁਰੂ ਘਰ ਦੇ ਗੇਟ ਅੱਗੇ ਦੇਖਿਆ ਤਾਂ ਉਥੇ ਜਾਲੀ ਵਾਲੇ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਸੀ ਜਿਸ ਨੂੰ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਸਾਹਮਣੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਲਕੁਲ ਠੀਕ ਸਨ ਜਦਕਿ ਕਮਰੇ ਦੇ ਕੋਨੇ 'ਚ ਬਣਾਇਆ ਗਿਆ ਸੱਚਖੰਡ 'ਚ ਅੱਗ ਕਾਰਨ ਸ਼ੀਸ਼ੇ ਟੁੱਟ ਰਹੇ ਸਨ। 

ਉਥੇ ਮੌਜੂਦ ਸੰਗਤ ਵਲੋਂ ਪਾਣੀ ਦਾ ਛਿੜਕਾਅ ਕਰ ਅੱਗ ਉਪਰ ਕਾਬੂ ਪਾਇਆ ਗਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਸੱਚਖੰਡ 'ਚ ਇਕ ਬਿਸਤਰ 'ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਕੁੱਝ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋ ਚੁੱਕੀਆਂ ਸਨ। ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਰਣਜੀਤ ਸਿੰਘ ਮੰਗਲੀ ਅਤੇ ਗੁਰਦੁਆਰਾ ਕਟਾਣਾ ਸਾਹਿਬ ਤੋਂ ਪੰਜ ਸਿੰਘ ਮੌਕੇ 'ਤੇ ਪੁੱਜੇ ਜਿਨ੍ਹਾਂ ਪੂਰਣ ਮਰਿਯਾਦਾ ਨਾਲ ਅਗਨ ਭੇਟ ਹੋਇਆ ਸਰੂਪ ਤੇ ਪੋਥੀਆਂ ਦੀ ਸੰਭਾਲ ਕੀਤੀ ਤਾਂ ਜੋ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਇਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾ ਸਕੇ। ਇਸ ਸਬੰਧੀ ਥਾਣਾ ਮੁਖੀ ਕੁਲਵੰਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੇ ਬਿਆਨ ਦਰਜ ਕਰ ਲਏ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਦੁੱਖਦਈ ਘਟਨਾ ਸ਼ਾਰਟ ਸ਼ਰਕਟ ਕਾਰਨ ਵਾਪਰੀ ਜਿਸ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ।  


Gurminder Singh

Content Editor

Related News