ਕਲਕੱਤਾ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ SGPC ਨੂੰ ਤੋੜਨ ਦੀਆਂ ਚਾਲਾਂ ਵਿਰੁੱਧ ਮਤਾ ਪਾਸ

Sunday, Dec 11, 2022 - 09:35 PM (IST)

ਅੰਮ੍ਰਿਤਸਰ (ਸਰਬਜੀਤ) : ਕਲਕੱਤਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਵਾਲੀਆਂ ਚਾਲਾਂ ਵਿਰੁੱਧ ਮਤਾ ਪਾਸ ਕਰਦਿਆਂ ਸੁਪਰੀਮ ਸਿੱਖ ਸੰਸਥਾ ਨਾਲ ਹਰ ਪੱਧਰ ’ਤੇ ਖੜ੍ਹਨ ਦੀ ਵਚਨਬੱਧਤਾ ਪ੍ਰਗਟਾਈ ਹੈ। ਇਹ ਮਤਾ ਕਲਕੱਤਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਪਾਸ ਕੀਤਾ ਗਿਆ, ਜਿਸ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਵਿਸ਼ੇਸ਼ ਮਤੇ ਵਾਸਤੇ ਕਲਕੱਤਾ ਦੇ ਸਿੱਖ ਆਗੂਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਮੂਹ ਗੁਰਦੁਆਰਾ ਕਮੇਟੀਆਂ ਵੱਲੋਂ ਪਾਸ ਕੀਤੇ ਮਤੇ ’ਚ ਆਖਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ, ਜਿਸ ਦੀ ਮਜ਼ਬੂਤੀ ਲਈ ਕਲਕੱਤਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਚਨਬੱਧ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)

ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਕੌਮ ਨੂੰ ਕਮਜ਼ੋਰ ਕਰਨਾ ਹੈ। ਇਸ ਲਈ ਕਲਕੱਤਾ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਸ਼੍ਰੋਮਣੀ ਕਮੇਟੀ ਦੇ ਨਾਲ ਹਨ। ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਦਸਤਖ਼ਤੀ ਮੁਹਿੰਮ ਪੂਰੇ ਸੂਬੇ ਅੰਦਰ ਫੈਲਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ ਗਈ, ਜਿਸ ਦੀ ਸ਼ੁਰੂਆਤ ਕਰਦਿਆਂ ਸਮਾਗਮ ’ਚ ਸ਼ਾਮਲ ਸੰਗਤਾਂ ਕੋਲੋਂ ਵੱਡੀ ਗਿਣਤੀ ’ਚ ਪ੍ਰੋਫਾਰਮੇ ਭਰਵਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਪ੍ਰਤੀ ਕਲਕੱਤਾ ਦੀਆਂ ਸੰਗਤਾਂ ਦੀ ਪ੍ਰਤੀਬੱਧਤਾ ਵੱਡੇ ਮਹੱਤਵ ਵਾਲੀ ਹੈ, ਜਿਸ ਦਾ ਉਹ ਧੰਨਵਾਦ ਕਰਦੇ ਹਨ। ਭਾਈ ਗਰੇਵਾਲ ਨੇ ਆਖਿਆ ਕਿ ਭਾਰਤ ਦੀ ਆਜ਼ਾਦੀ ਦੇ ਘੋਲ ’ਚ ਵੱਡੀ ਸ਼ਮੂਲੀਅਤ ਦੇ ਨਾਲ-ਨਾਲ ਦੁਨੀਆ ਭਰ ’ਚ ਸਿੱਖਾਂ ਨੇ ਮਨੁੱਖੀ ਭਲਾਈ ਲਈ ਅਹਿਮ ਸੇਵਾਵਾਂ ਦਿੱਤੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਸਿੱਖਾਂ ਦੇ ਮਸਲਿਆਂ ਨੂੰ ਜਾਣਬੁੱਝ ਕੇ ਤਵੱਜੋ ਨਹੀਂ ਦਿੱਤੀ ਜਾਂਦੀ। ਦੇਸ਼ ਦੀਆਂ ਸਰਕਾਰਾਂ ਸਿੱਖਾਂ ਪ੍ਰਤੀ ਨਕਾਰਾਤਮਕ ਰਵੱਈਆ ਅਪਣਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦਾ ਸਭ ਤੋਂ ਅਹਿਮ ਸਿੱਖ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ, ਜਿਸ ਪ੍ਰਤੀ ਭਾਰਤ ਅਤੇ ਸਬੰਧਤ ਸੂਬਾ ਸਰਕਾਰਾਂ ਨਿਆਂ ਨਹੀਂ ਦੇ ਰਹੀਆਂ। ਉਨ੍ਹਾਂ ਆਖਿਆ ਕਿ ਹੁਣ ਪੂਰੇ ਦੇਸ਼ ਅੰਦਰ ਲੋਕ ਲਹਿਰ ਬਣ ਚੁੱਕੀ ਹੈ ਅਤੇ ਸਰਕਾਰਾਂ ਨੂੰ ਇਸ ਮਾਮਲੇ ’ਤੇ ਝੁੱਕਣਾ ਹੀ ਪਵੇਗਾ। ਆਪਣੇ ਸੰਬੋਧਨ ਦੌਰਾਨ ਭਾਈ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਈ 1 ਲੱਖ ਰੁਪਏ ਦੀਆਂ ਧਾਰਮਿਕ ਪੁਸਤਕਾਂ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਿੰਘ ਸਭਾ ਲਹਿਰ ਦੇ ਆ ਰਹੇ 150ਵੇਂ ਵਰ੍ਹੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਪੱਧਰ ’ਤੇ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ। ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਬੰਗਾਲ ਦੇ ਕੈਬਨਿਟ ਮੰਤਰੀ ਫਰਹਾਦ ਹਕੀਮ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਉਸਾਰੀਆਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰਾਂ ’ਚੋਂ ਸਤਵੰਤ ਸਿੰਘ ਕਮਾਲਪੁਰ, ਤੇਜਿੰਦਰ ਸਿੰਘ ਵਾਲੀਆ, ਬਚਨ ਸਿੰਘ ਸਰਲ, ਸਤਪਾਲ ਸਿੰਘ, ਅਵਤਾਰ ਸਿੰਘ ਰਾਮੂਵਾਲੀਆ, ਤਰਨਜੀਤ ਸਿੰਘ ਨਰੂਲਾ, ਅਜੀਤ ਸਿੰਘ, ਸਰਦਾਰ ਬੂਟਾ ਸਿੰਘ, ਇੰਦਰਜੀਤ ਸਿੰਘ ਪੁਰਬਾ, ਦੇਵਿੰਦਰ ਸਿੰਘ, ਧੀਰਜ ਸਿੰਘ, ਭੁਪਿੰਦਰ ਸਿੰਘ ਹਾਜ਼ਰ ਸਨ।
 


Manoj

Content Editor

Related News