ਗੁਰਦੁਆਰਾ ਭੋਰਾ ਸਾਹਿਬ ''ਚ ਮੁੰਡੇ ਨਾਲ ਕੁੱਟਮਾਰ, ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਵੀਡੀਓ
Tuesday, Nov 19, 2019 - 06:43 PM (IST)

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਗੁਰਦੁਆਰਾ ਸ੍ਰੀ ਭੋਰਾ ਸਹਿਬ ਦੀ ਹਦੂਦ ਅੰਦਰ ਇਕ ਲੜਕੇ ਦੀ ਇਕ ਸਿੱਖ ਨੌਜਵਾਨ ਵਲੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਹੈ। ਦਰਅਸਲ ਗੁਰਦੁਆਰਾ ਭੋਰਾ ਸਾਹਿਬ ਅੰਦਰ ਇਕ ਕੁੜੀ-ਮੁੰਡਾ ਬੈਠ ਕੇ ਪਾਠ ਸੁਣ ਰਹੇ ਹੁੰਦੇ ਹਨ ਕਿ ਇਕ ਸਿੱਖ ਨੌਜਵਾਨ ਉਥੇ ਆਉਂਦਾ ਹੈ ਅਤੇ ਮੁੰਡੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਇਹ ਆਖ ਕੇ ਉਸ ਦੀ ਕੁੱਟਮਾਰ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰ ਰਹੇ ਹਨ।
ਇਸ ਸਬੰਧੀ ਜਦੋਂ ਗੁਰਦੁਆਰਾ ਸਹਿਬ ਦੇ ਮੈਨੇਜਰ ਨੱਥਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਕਿਸੇ ਦੀ ਕੁੱਟਮਾਰ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਸੀ ਕਿ ਜੇ ਉਕਤ ਕੁੜੀ ਮੁੰਡਾ ਕੋਈ ਗਲਤ ਹਰਕਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਥੇ ਸੇਵਾਦਾਰਾਂ ਨੂੰ ਜਾਂ ਫਿਰ ਗ੍ਰੰਥੀ ਸਿੰਘਾਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਸੀ। ਇਸ ਤਰ੍ਹਾਂ ਕੁੱਟਮਾਰ ਕਰਨਾ ਅਤੇ ਵੀਡੀਓ ਵਾਇਰਲ ਕਰਕੇ ਕਿਸੇ ਦੀ ਜ਼ਿੰਦਗੀ ਖਰਾਬ ਕਰਨਾ ਗਲਤ ਹੈ।