ਗੁਰਦੁਆਰਾ ਭੱਠ ਸਾਹਿਬ ਦੇ ਸੇਵਾਦਾਰ ’ਤੇ ਚੱਲੀਆਂ ਗੋਲ਼ੀਆਂ

Saturday, Dec 11, 2021 - 06:24 PM (IST)

ਗੁਰਦੁਆਰਾ ਭੱਠ ਸਾਹਿਬ ਦੇ ਸੇਵਾਦਾਰ ’ਤੇ ਚੱਲੀਆਂ ਗੋਲ਼ੀਆਂ

ਤਰਨਤਾਰਨ (ਰਾਜੂ) : ਥਾਣਾ ਸਿਟੀ ਪੱਟੀ ਦੀ ਪੁਲਸ ਨੇ ਗੁਰਦੁਆਰਾ ਭੱਠ ਸਾਹਿਬ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸੇਵਾਦਾਰ ’ਤੇ ਗੋਲ਼ੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲਿਆਂ ਸਮੇਤ 5 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ ਪੱਟੀ ’ਚ ਜ਼ੇਰੇ ਇਲਾਜ ਜਸਬੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਭਰਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਉਹ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਸੇਵਾ ਕਰਦਾ ਹੈ। ਬੀਤੀ ਸ਼ਾਮ ਪ੍ਰਸ਼ਾਦਾ ਛੱਕ ਕੇ ਉਹ ਬਰਾਂਡੇ ਵਿਚ ਆਰਾਮ ਕਰਨ ਲੱਗ ਪਿਆ।

ਰਾਤ 1.30 ਵਜੇ ਜਦ ਉਹ ਬਾਥਰੂਮ ਜਾਣ ਲਈ ਉੱਠਿਆ ਤਾਂ ਉਸ ਨੇ ਵੇਖਿਆ ਕਿ ਚੁਬਾਰੇ ਵਿਚ ਸੇਵਾਦਾਰ ਨਰਬੀਰ ਸਿੰਘ ਦੀ ਪਤਨੀ ਮਨਜੀਤ ਕੌਰ, ਰਣਜੋਧ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਇੱਬਣ ਬਾਰੀ ਵਿਚ ਖੜ੍ਹੇ ਸਨ, ਜਿਨ੍ਹਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਮੁੱਦਈ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਬਾਬਾ ਗੁਰਬਚਨ ਸਿੰਘ ਦੀ ਸ਼ਹਿ ਅਤੇ ਨਰਬੀਰ ਸਿੰਘ ਦੀਆਂ ਹਦਾਇਤਾਂ ’ਤੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਬਾਬਾ ਗੁਰਬਚਨ ਸਿੰਘ ਪੁੱਤਰ ਬਾਬਾ ਦਇਆ ਸਿੰਘ ਵਾਸੀ ਸੁਰਸਿੰਘ, ਨਰਬੀਰ ਸਿੰਘ, ਮਨਜੀਤ ਕੌਰ ਪਤਨੀ ਨਰਬੀਰ ਸਿੰਘ, ਰਣਜੋਧ ਸਿੰਘ, ਲਵਪ੍ਰੀਤ ਸਿੰਘ ਉਰਫ ਇੱਬਣ ਵਾਸੀਆਨ ਗੁਰਦੁਆਰਾ ਭੱਠ ਸਾਹਿਬ ਪੱਟੀ ਖ਼ਿਲਾਫ਼ ਮੁਕੱਦਮਾ ਨੰਬਰ 208 ਧਾਰਾ 307/120ਬੀ/323/447/148/149 ਆਈ.ਪੀ.ਸੀ., 25/27/54/59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News