ਸਿਆਸੀ ਆਗੂਆਂ ਨੇ ਗੁਰਦੁਆਰਾ ਸਾਹਿਬ ਦਾ ਰੱਖਿਆ ਨੀਂਹ ਪੱਥਰ, ਸਿੱਖ ਜਥੇਬੰਦੀਆਂ ਨੇ ਪ੍ਰਗਟਾਇਆ ਇਤਰਾਜ਼

Wednesday, Aug 23, 2017 - 07:08 PM (IST)

ਸਿਆਸੀ ਆਗੂਆਂ ਨੇ ਗੁਰਦੁਆਰਾ ਸਾਹਿਬ ਦਾ ਰੱਖਿਆ ਨੀਂਹ ਪੱਥਰ, ਸਿੱਖ ਜਥੇਬੰਦੀਆਂ ਨੇ ਪ੍ਰਗਟਾਇਆ ਇਤਰਾਜ਼

ਝਬਾਲ(ਹਰਬੰਸ ਲਾਲੂਘੁੰਮਣ)— ਕਸਬਾ ਝਬਾਲ ਦੇ ਪਿੰਡ ਬਘੇਲ ਸਿੰਘ ਵਾਲਾ ਦੇ ਇਕ ਕਿਸਾਨ ਦੇ ਖੇਤ 'ਚ ਇਕ ਭਾਈਚਾਰੇ ਦੇ ਆਗੂ ਵੱਲੋਂ ਸਿੱਖ ਕੌਮ ਦੇ ਸ਼ਹੀਦ ਬਾਬਾ ਬਘੇਲ ਸਿੰਘ ਦੇ ਨਾਂ 'ਤੇ ਉਸਾਰੇ ਜਾ ਰਹੇ ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਉਸਾਰੀ ਨੂੰ ਲੈ ਕੇ ਵਿਵਾਦ ਪੂਰੀ ਤਰ੍ਹਾਂ ਭੱਖ ਗਿਆ ਹੈ। ਇਕ ਪਾਸੇ ਜਿੱਥੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੁਕਮ ਹੋਣ ਦਾ ਦਾਅਵਾ ਕਰਦਿਆਂ ਕੁਝ ਸਿਆਸੀ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਦਾ ਬੁੱਧਵਾਰ ਨੂੰ ਰਸਮੀ ਨੀਂਹ ਪੱਥਰ ਰੱਖ ਦਿੱਤਾ ਗਿਆ, ਉਥੇ ਹੀ ਦੂਜੇ ਪਾਸੇ ਇਸ 'ਤੇ ਕੁਝ ਸਿੱਖ ਜਥੇਬੰਦੀਆਂ 'ਤੇ ਸੰਗਤ ਵੱਲੋਂ ਇਤਰਾਜ਼ ਪ੍ਰਗਟ ਕਰਦਿਆਂ ਗੁਰਦੁਆਰਾ ਸਾਹਿਬ ਦੀ ਉਸਾਰੀ 'ਤੇ ਕਈ ਸਵਾਲ ਉਠਾਏ ਗਏ। 
ਮਾਮਲੇ ਸਬੰਧੀ ਕਥਿਤ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਲੀ ਜਗ੍ਹਾ 'ਤੇ ਪੁੱਜ ਕੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਗੱਗੋਬੂਹਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਬਾਬਾ ਬੁੱਢਾ ਜੀ ਦੇ ਆਗੂਆਂ ਭਾਈ ਤਰਲੋਚਨ ਸਿੰਘ ਸੋਹਲ, ਭਾਈ ਹਰਜਿੰਦਰ ਸਿੰਘ ਲਾਡੀ, ਭਾਈ ਸਰੂਪ ਸਿੰਘ ਭੁੱਚਰ, ਭਾਈ ਗੁਰਲਾਲ ਸਿੰਘ ਕਸੇਲ, ਭਾਈ ਸੁਖਜਿੰਦਰ ਸਿੰਘ ਕਿੰਗ, ਹਰਪ੍ਰੀਤ ਸਿੰਘ ਕਸੇਲ, ਭਾਈ ਅਮਰੀਕ ਸਿੰਘ ਗੱਗੋਬੂਹਾ, ਗੁਰਲਾਲ ਸਿੰਘ ਮੀਰਪੁਰ, ਭਾਈ ਪ੍ਰਗਟ ਸਿੰਘ ਪੰਡੋਰੀ, ਭਾਈ ਸਤਨਾਮ ਸਿੰਘ ਸੋਹਲ ਆਦਿ ਨੇ ਦੱਸਿਆ ਕਿ ਕਸਬਾ ਝਬਾਲ ਸਥਿਤ ਜਿੱਥੇ ਪਹਿਲਾਂ ਹੀ 14 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਉਥੇ ਹੀ ਬਾਬਾ ਬਘੇਲ ਸਿੰਘ ਜੀ ਦਾ ਇਸ ਨਗਰ 'ਚ ਪਹਿਲਾਂ ਹੀ ਗੁਰਦੁਆਰਾ ਸਾਹਿਬ ਸਥਾਪਤ ਹੈ ਪਰ ਇਸ ਨਗਰ ਦੀ ਇਕ ਪੱਤੀ ਦੇ ਕੁਝ ਲੋਕ ਆਪਣੇ ਖੇਤਾਂ 'ਚ ਇਕ ਭਾਈਚਾਰੇ ਦੇ ਆਗੂ ਨੂੰ ਜ਼ਮੀਨ ਦੇ ਕੇ ਬਾਬਾ ਬਘੇਲ ਸਿੰਘ ਜੀ ਦੇ ਨਾਂ 'ਤੇ ਵੱਖਰਾ ਗੁਰਦੁਆਰਾ ਸਾਹਿਬ ਸਥਾਪਤ ਕਰਵਾ ਰਹੇ ਹਨ। 
ਉਨ੍ਹਾਂ ਨੇ ਕਿਹਾ ਕਿ ਬਾਬਾ ਬਘੇਲ ਸਿੰਘ ਸਿੱਖ ਕੌਮ ਦੇ ਸ਼ਹੀਦ ਹਨ ਨਾ ਕੇ ਇਕ ਪੱਤੀ ਦੇ ਵਸਨੀਕ ਸਨ। ਇਸ ਕਰਕੇ ਉਹ ਇਸ 'ਤੇ ਇਤਰਾਜ਼ ਪ੍ਰਗਟਾਉਂਦੇ ਹਨ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਨਗਰ 'ਚ ਹੋਰ ਗੁਰਦੁਆਰਾ ਨਹੀਂ ਬਣਨਾ ਚਾਹੀਦਾ, ਜੇਕਰ ਬਾਬਾ ਬਘੇਲ ਸਿੰਘ ਜੀ ਦੀ ਯਾਦ 'ਚ ਕੁਝ ਬਣਾਉਣਾ ਹੀ ਹੈ ਤਾਂ ਸਿੱਖ ਲਾਇਬਰੇਰੀ ਜਾਂ ਹਸਪਤਾਲ ਬਣਾਇਆ ਜਾਵੇ, ਜਿਸ ਨਾਲ ਸੰਗਤਾਂ ਨੂੰ ਕੁਝ ਲਾਭ ਪ੍ਰਾਪਤ ਹੋ ਸਕੇ। ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਹਰਜਿੰਦਰ ਸਿੰਘ ਲਾਡੀ ਨੇ ਇਸ ਮੌਕੇ ਚਿਤਾਵਨੀ ਭਰੇ ਲਹਿਜ਼ੇ ਕਿਹਾ ਕੇ ਜੇਕਰ ਉਕਤ ਭਾਈਚਾਰੇ ਦਾ ਆਗੂ ਫਿਰ ਵੀ ਇਸ ਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਜਬਰਦਸਤੀ ਉਸਾਰੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਪੈਦਾ ਹੋਣ ਵਾਲੇ ਵਿਵਾਦ ਦਾ ਭਾਈਚਾਰੇ ਦਾ ਆਗੂ ਖੁੱਦ ਜ਼ਿੰਮੇਵਾਰ ਹੋਵੇਗਾ। ਇੱਧਰ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਵੱਲੋਂ ਆਪਣੀ ਜ਼ਮੀਨ ਚੋਂ 2 ਕਨਾਲ ਜ਼ਮੀਨ ਬਾਬਾ ਬਘੇਲ ਸਿੰਘ ਲੋਹ ਲੰਗਰ ਦੇ ਨਾਂ ਬੈਅ ਕੀਤੀ ਗਈ ਹੈ। ਜਦਕਿ ਬਾਬਾ ਅਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਸਥਾਨ 'ਤੇ ਕਾਰਸੇਵਾ ਵਾਲੇ ਬਾਬਾ ਸੁਲੱਖਣ ਸਿੰਘ ਅਤੇ ਬਾਬਾ ਦਿਲਬਾਗ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਸਥਾਪਤੀ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਉਣ ਦੀ ਪ੍ਰਵਾਨਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਲਿਖਤੀ ਰੂਪ 'ਚ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਰਸ਼ਮੀ ਉਦਘਾਟਨ ਭਾਈ ਸਤਨਾਮ ਸਿੰਘ ਮਨਾਵਾਂ ਅਤੇ ਭਾਈ ਹਰਪਾਲ ਸਿੰਘ ਬਲੇਰ ਵੱਲੋਂ ਕੀਤਾ ਗਿਆ ਹੈ।
ਕੀ ਕਹਿਣਾ ਭਾਈ ਧਿਆਨ ਸਿੰਘ ਮੰਡ ਦਾ
ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਕਹਿਣਾ ਹੈ ਕਿ ਝਬਾਲ ਦੀਆਂ ਸੰਗਤਾਂ ਦੀ ਸਹਿਮਤੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਪੱਤਰਕਾ ਨੰਬਰ ਅ/3/10/17 ਰਾਂਹੀ ਮਿਤੀ 14 ਅਗਸਤ 2017 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਜੇਕਰ ਇਸ ਸਬੰਧੀ ਦੁਬਾਰਾ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਹਲਾਤਾਂ ਤੋਂ ਜਾਣੂੰ ਹੋਣ ਉਪਰੰਤ ਵਿਵਾਦਤ ਮੁੱਦੇ ਉਪਰ ਮੁੜ ਵਿਚਾਰ ਕੀਤਾ ਜਾਵੇਗਾ।
ਗੁਰਦੁਆਰਾ ਉਸਾਰੀ ਦੇ ਹੱਕ 'ਚ ਨਹੀਂ ਹਾਂ: ਭਾਈ ਅਜਨਾਲਾ
ਤੱਖਤ ਸ੍ਰੀ ਕੇਸਗੜ•ਸਾਹਿਬ ਜੀ ਦੇ ਮੁਤਵਾਜੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਜਿਸ ਦੇ ਚੱਲਦਿਆਂ ਉਹ ਉਕਤ ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਹੱਕ 'ਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਬਦੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਪਹਿਲਾਂ ਹੀ ਕੌਮ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਿੰਡਾਂ ਚੋਂ ਗੁਰਦੁਆਰਿਆਂ ਦੀ ਗਿਣਤੀ ਘਟਾ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ-ਸਨਮਾਨ ਨੂੰ ਬਹਾਲ ਰੱਖਣ ਦੇ ਯਤਨ ਕੀਤੇ ਜਾਣ। 
ਸਿੰਘ ਸਾਹਿਬ ਦੇ ਹੁਕਮ 'ਤੇ ਰੱਖਿਆ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਸਤਨਾਮ ਸਿੰਘ ਮਨਾਵਾਂ ਨੇ ਇਸ ਸਬੰਧੀ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਸਮੇਤ ਭਾਈ ਹਰਪਾਲ ਸਿੰਘ ਬਲੇਰ ਵਰਕਿੰਗ ਕਮੇਟੀ ਮੈਂਬਰ ਯੂਨਾਈਟਿਡ ਅਕਾਲੀ ਦਲ ਵੱਲੋਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਦੇ ਹੁਕਮਾਂ 'ਤੇ ਉਕਤ ਸਥਾਨ 'ਤੇ ਜਾ ਕੇ ਉਨ੍ਹਾਂ ਦੇ ਹੁਕਮਾਂ 'ਤੇ ਹੀ ਗੁਰਦੁਆਰਾ ਸਾਹਿਬ ਦੀ ਉਸਾਰੀ ਦਾ ਉਨ੍ਹਾਂ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਹੈ। 


Related News