ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਪੁਰਾਤਨ ਨਗਾਰੇ ਵਜਾ ਹੋਈ ਹੋਲੇ ਮਹੱਲੇ ਦੀ ਸ਼ੁਰੂਆਤ
Thursday, Mar 05, 2020 - 07:22 PM (IST)
ਸ੍ਰੀ ਅਨੰਦਪੁਰ ਸਾਹਿਬ,(ਦਲਜੀਤ ਸਿੰਘ)- ਖ਼ਾਲਸਾਈ ਸ਼ਾਨੋ-ਸ਼ੌਕਤ, ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੀ ਰਸਮੀ ਸ਼ੁਰੂਆਤ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਦੇ ਪੁਰਾਣੇ ਕਿਲੇ ਵਿਖੇ ਪੰਜ ਪੁਰਾਤਨ ਨਗਾਰੇ ਵਜਾਉਣ ਨਾਲ ਕਰ ਦਿੱਤੀ ਗਈ। ਉਕਤ ਇਤਿਹਾਸਕ ਅਸਥਾਨ 'ਤੇ ਬੀਤੀ ਅੱਧੀ ਰਾਤ ਤੱਕ ਚੱਲੇ ਧਾਰਮਕ ਸਮਾਗਮਾਂ ਤੋਂ ਬਾਅਦ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਗਈ ਹੈ। ਇਸ ਤਿਉਹਾਰ ਦੇ ਅਮਨ-ਅਮਾਨ ਦੇ ਨਾਲ ਸੰਪੰਨ ਹੋਣ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਕੀਤੀ। ਪੁਰਾਤਨ ਪ੍ਰੰਪਰਾ ਦੇ ਅਨੁਸਾਰ ਹਰ ਸਾਲ ਪੰਜਾਬ ਦੇ ਸਭ ਤੋਂ ਵੱਡੇ ਅਤੇ ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦਾ ਰਸਮੀ ਤੌਰ 'ਤੇ ਆਗਾਜ਼ ਗੁ. ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਪੁਰਾਤਨ ਨਗਾਰੇ ਵਜਾ ਕੇ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਹਰ ਸਾਲ ਹੀ ਇੱਥੇ ਇਕ ਵਿਸ਼ਾਲ ਨਗਰ ਕੀਰਤਨ ਹਿਮਾਚਲ ਪ੍ਰਦੇਸ਼ ਤੋਂ ਪਹੁੰਚਦਾ ਹੈ। ਗਿਆਨੀ ਰਘਵੀਰ ਸਿੰਘ ਨੇ ਹੋਲੇ ਮਹੱਲੇ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਸਮੇਂ ਵਿਚ ਰਣਜੀਤ ਨਗਾਰਾ ਵਜਾ ਕੇ ਬਾਈਧਾਰ ਦੇ ਰਾਜਿਆਂ ਨੂੰ ਭੱਜਣ 'ਤੇ
ਮਜ਼ਬੂਰ ਕਰ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਖ਼ਾਲਸਾਈ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਪੰਜ ਪੁਰਾਤਨ ਨਗਾਰੇ ਵਜਾ ਕੇ ਗੁ. ਕਿਲਾ ਅਨੰਦਗੜ੍ਹ ਸਾਹਿਬ ਤੋਂ ਕੀਤੀ ਜਾਂਦੀ ਹੈ।
ਇਸ ਮੌਕੇ ਗੁਰਦੁਆਰਾ ਲੋਹ ਲੰਗਰ ਦੇ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ, ਹਰਜੀਤ ਸਿੰਘ ਅਚਿੰਤ ਸਰਕਲ ਪ੍ਰਧਾਨ, ਮਨਜਿੰਦਰ ਸਿੰਘ ਬਰਾੜ, ਮੰਚ ਸੰਚਾਲਕ ਐਡਵੋਕੇਟ ਹਰਦੇਵ ਸਿੰਘ ਸੂਚਨਾ ਅਫ਼ਸਰ, ਮੈਂਬਰ ਸ਼੍ਰੋਮਣੀ ਕਮੇਟੀ ਦਲਜੀਤ ਸਿੰਘ, ਬਾਬਾ ਗੁਰਦੇਵ ਸਿੰਘ, ਆਤਮਾ ਸਿੰਘ ਰਾਣਾ, ਬੀਬੀ ਰਜਿੰਦਰ ਕੌਰ, ਬੀਬੀ ਗੁਰਚਰਨ ਕੌਰ, ਬਾਬਾ ਬਲਵੀਰ ਸਿੰਘ, ਗੁਲਜ਼ਾਰ ਸਿੰਘ, ਇੰਜ. ਦਵਿੰਦਰ ਸਿੰਘ, ਮਹਿੰਦਰ ਸਿੰਘ ਮਾਹਲ, ਤਰਲੋਚਨ ਸਿੰਘ ਰੁੜਕਾ ਖੁਰਦ, ਬੀਬੀ ਰਜਿੰਦਰ ਕੌਰ, ਦਵਿੰਦਰ ਸਿੰਘ, ਚੌਹਾਨ ਸਿੰਘ, ਬੇਅੰਤ ਸਿੰਘ ਚਨੌਲੀ ਸਾਬਕਾ ਸਕੱਤਰ, ਅਮਨਦੀਪ ਸਿੰਘ, ਪ੍ਰਚਾਰਕ ਲਵਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।