ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ''ਚ ਹੋਈ ਵਾਰਦਾਤ, ਸੀ. ਸੀ. ਟੀ.ਵੀ. ''ਚ ਕੈਦ ਹੋਈ ਘਟਨਾ
Monday, Mar 12, 2018 - 06:18 PM (IST)

ਬਨੂੜ (ਗੁਰਪਾਲ) : ਪਿੰਡ ਦੇਵੀਨਗਰ (ਅਬਰਾਵਾ) ਸਥਿਤ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਬੀਤੀ ਰਾਤ ਚੋਰ 50 ਹਜ਼ਾਰ ਰੁਪਏ ਦੇ ਲਗਭਗ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਗਵੰਤ ਸਿੰਘ ਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤਾ ਨੌਜਵਾਨ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਨਗਦੀ ਚੋਰੀ ਕਰ ਕੇ ਲੈ ਗਿਆ। ਉਨ੍ਹਾਂ ਨੂੰ ਇਸ ਘਟਨਾ ਬਾਰੇ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਗਏ ਇਕ ਸੇਵਾਦਾਰ ਨੇ ਦੱਸਿਆ ਜੋ ਕਿ ਰੋਜ਼ਾਨਾ ਤੜਕੇ ਗੁਰਦੁਆਰਾ ਸਾਹਿਬ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਇਹ ਚੋਰੀ ਕਰਨ ਵਾਲਾ ਨੌਜਵਾਨ ਤੜਕੇ 2:40 ਵਜੇ ਆਇਆ ਅਤੇ ਉਸ ਨੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਣ ਉਪਰੰਤ ਦਰਵਾਜ਼ੇ ਨੂੰ ਅੰਦਰੋ ਕੁੰਡੀ ਲਾ ਲਈ ਅਤੇ ਗੁਰਦੁਆਰਾ ਸਾਹਿਬ ਵਿਚ ਪਏ ਸ਼ਸਤਰਾਂ ਨਾਲ ਗੋਲਕ ਨੂੰ ਤੋੜ ਕੇ ਗੋਲਕ 'ਚ ਪਏ 50 ਹਜ਼ਾਰ ਰੁਪਏ ਦੇ ਲਗਭਗ ਨਗਦੀ ਚੋਰੀ ਕਰ ਲਈ। ਕਮੇਟੀ ਪ੍ਰਧਾਨ ਅਨੁਸਾਰ ਚੋਰੀ ਕਰਨ ਵਾਲੇ ਨੌਜਵਾਨ ਨੇ ਮੂੰਹ ਢਕਿਆ ਹੋਇਆ ਸੀ ਤੇ ਉਹ ਇਸ ਸਾਰੀ ਘਟਨਾ ਨੂੰ ਅੰਜਾਮ ਦਿੰਦਾ ਹੋਇਆ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਬਨੂੜ ਵਿਖੇ ਕਰ ਦਿੱਤੀ ਗਈ ਹੈ।