ਜਗਦੀਸ਼ ਝੀਂਡਾ ਨੇ ਬਣਾਈ ਨਵੀਂ ਰਾਜਨੀਤੀ ਪਾਰਟੀ (ਵੀਡੀਓ)

Sunday, Jun 11, 2017 - 12:20 PM (IST)

ਅੰਮ੍ਰਿਤਸਰ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਮਲੇ 'ਤੇ ਸੰਘਰਸ਼ ਲੜਨ ਵਾਲੇ ਜਗਦੀਸ਼ ਸਿੰਘ ਝੀਂਡਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰ ਕੇ 'ਜਨਤਾ ਅਕਾਲੀ ਦਲ' ਬਣਾਉਣ ਦਾ ਐਲਾਨ ਕੀਤਾ। ਝੀਂਡਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 10 ਦੇਸ਼ਾਂ ਅਤੇ ਭਾਰਤ ਦੇ 11 ਰਾਜਾਂ ਵਿਚ ਕੰਮ ਕਰੇਗੀ। ਇਸ ਮੌਕੇ ਝੀਂਡਾ ਨੇ ਖੁਦ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਪੇਸ਼ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਚੱਕੂ ਪਾਰਟੀ ਦੇ ਸਰਪ੍ਰਸਤ ਹੋਣਗੇ। ਇਸ ਤੋਂ ਇਲਾਵਾ ਜੋਗਾ ਸਿੰਘ ਨੂੰ ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਖਜ਼ਾਨਚੀ ਵਜੋਂ ਅਮਨਦੀਪ ਸਿੰਘ ਗਿੱਲ ਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਵਿੰਦਰ ਕੌਰ ਐਡਵੋਕੇਟ ਦਾ ਨਾਂ ਐਲਾਨਿਆ। ਅੰਗਰੇਜ਼ ਸਿੰਘ ਨੂੰ ਹਰਿਆਣਾ ਦੇ ਪ੍ਰਧਾਨ ਵਜੋਂ ਝੀਂਡਾ ਨੇ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨਤਾ ਅਕਾਲੀ ਦਲ ਅਤੇ ਹਰਿਆਣਾ ਸਮੇਤ ਪੂਰੇ ਦੇਸ਼ ਦੀ ਜਨਤਾ ਦੀ ਰਾਇ ਲੈ ਕੇ ਉਹ ਆਪਣਾ ਇਕ ਅਹੁਦਾ ਤਿਆਗ ਦੇਣਗੇ। ਅਹੁਦਾ ਤਿਆਗਣ ਬਾਰੇ ਬੋਲਦਿਆਂ ਸ. ਝੀਂਡਾ ਨੇ ਕਿਹਾ ਕਿ ਇਹ ਫੈਸਲਾ ਉਹ ਨਹੀਂ ਬਲਕਿ ਉਨ੍ਹਾਂ ਦੇ ਸਾਥੀ ਤੈਅ ਕਰਨਗੇ ਕਿ ਉਨ੍ਹਾਂ ਪਾਸੋਂ ਬਤੌਰ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਲੈਣੀ ਹੈ ਜਾਂ ਜਨਤਾ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਲੈਣਾ ਹੈ। ਉਨ੍ਹਾਂ ਕਿਹਾ ਕਿ ਜਨਤਾ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਾ-ਮੁਕਤ ਕਰਨ ਲਈ ਜੱਦੋ-ਜਹਿਦ ਕਰੇਗਾ। ਝੀਂਡਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਤੇ ਮਹਾਰਾਸ਼ਟਰ ਦੇ ਮੁੰਬਈ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਜਰਮਨ, ਸਿੰਗਾਪੁਰ, ਸਵਿਟਜ਼ਰਲੈਂਡ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਕੰਮ ਕਰੇਗੀ।


Related News