ਬੈਂਸ ਦੀ ਜ਼ਮਾਨਤ ਪਟੀਸ਼ਨ 'ਤੇ ਕੋਰਟ 16 ਸਤੰਬਰ ਨੂੰ ਕਰੇਗੀ ਸੁਣਵਾਈ

Thursday, Sep 12, 2019 - 04:31 PM (IST)

ਗੁਰਦਾਸਪੁਰ (ਗੁਰਪ੍ਰੀਤ)  : ਜ਼ਿਲਾ ਗੁਰਦਾਸੁਪਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੀਤੀ ਗਈ ਕਥਿਤ ਬਦਸਲੂਕੀ ਤੋਂ ਬਾਅਦ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ’ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਲਾਈ ਗਈ ਅਰਜ਼ੀ ’ਤੇ ਅੱਜ ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਹੋਈ ਪਰ ਇਸ ਦੌਰਾਨ ਅੱਜ ਵੀ ਅਦਾਲਤ ਵੱਲੋਂ ਜ਼ਮਾਨਤ ਸਬੰਧੀ ਕੋਈ ਫੈਸਲਾ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ 16 ਸਤੰਬਰ ਦੀ ਤਰੀਕ ਦਿੱਤੀ ਹੈ। ਇਸ ਤਹਿਤ ਵਿਧਾਇਕ ਬੈਂਸ ਵੱਲੋਂ ਚਾਰ ਵਕੀਲ ਪੇਸ਼ ਹੋਏ, ਜਿਨਾਂ ਨੇ ਬੈਂਸ ਦੇ ਹੱਕ ਵਿਚ ਦਲੀਲਾਂ ਦਿੱਤੀਆਂ ਜਦੋਂ ਕਿ ਇਸ ਜ਼ਮਾਨਤ ਦਾ ਵਿਰੋਧ ਕਰਨ ਲਈ ਸਰਕਾਰੀ ਵਕੀਲ ਅਦਾਲਤ ਵਿਚ ਪੇਸ਼ ਹੋਏ।

ਵਿਧਾਇਕ ਬੈਂਸ ਦੀ ਜ਼ਮਾਨਤ ਦੀ ਮੰਗ ਕਰਦਿਆਂ ਉਨ੍ਹਾਂ ਦੇ ਵਕੀਲਾਂ ਨੇ ਇਸ ਸਾਰੇ ਮਾਮਲੇ ਨੂੰ ਸਿਆਸਤ ਪ੍ਰੇਰਿਤ ਦੱਸਿਆ ਅਤੇ ਇਸ ਨੂੰ ਮੁੱਖ ਮੰਤਰੀ ਪੰਜਾਬ ਖਿਲਾਫ ਚੱਲ ਰਹੇ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਨਾਲ ਜੋਡ਼ ਕੇ ਇਸ ਮਾਮਲੇ ’ਚ ਵਿਧਾਇਕ ਨੂੰ ਜ਼ਮਾਨਤ ਦੇਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਵਿਧਾਇਕ ਦੇ ਹੱਕ ਵਿਚ ਇਹ ਦਲੀਲ ਵੀ ਦਿੱਤੀ ਗਈ ਕਿ ਉਹ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਆਪਣੇ ਸਿਰਫ 2 ਸਾਥੀਆਂ ਨਾਲ ਹਸਪਤਾਲ ਵਿਚ ਆਏ ਸਨ ਜਿਥੇ ਸਤਨਾਮ ਸਿੰਘ ਦੇ ਕਰੀਬੀ ਅਤੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ, ਜਿਸ ਦੇ ਬਾਅਦ ਵਿਧਾਇਕ ਨੇ ਇਸ ਪਰਿਵਾਰ ਦੀ ਮਦਦ ਕਰਨ ਲਈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ। ਇਸ ਮੌਕੇ ਬਟਾਲਾ ਦੇ ਐੱਸ. ਐੱਸ. ਪੀ. ਅਤੇ ਡੀ. ਐੱਸ. ਪੀ. ਵੀ ਮੌਜੂਦ ਸਨ। ਜੇਕਰ ਵਿਧਾਇਕ ਬੈਂਸ ਨੇ ਉਥੇ ਕੋਈ ਗਲਤੀ ਜਾਂ ਜੁਰਮ ਕੀਤਾ ਹੁੰਦਾ ਤਾਂ ਪੁਲਸ ਅਧਿਕਾਰੀਆਂ ਨੇ ਤੁਰੰਤ ਪਰਚਾ ਦਰਜ ਕਰਵਾ ਦੇਣਾ ਸੀ ਪਰ ਦੋ ਦਿਨ ਬਾਅਦ ਦਰਜ ਹੋਏ ਪਰਚੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦਾ ਨਤੀਜਾ ਹੈ।

ਸਰਕਾਰੀ ਵਕੀਲ ਨੇ ਇਹ ਕਹਿ ਕੇ ਜ਼ਮਾਨਤ ਦਾ ਵਿਰੋਧ ਕੀਤਾ ਕਿ ਉਸ ਮੌਕੇ ਵਿਧਾਇਕ ਨਾਲ ਦਰਜਨ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਸੀ, ਜਿਨ੍ਹਾਂ ਦੀ ਪਹਿਚਾਣ ਲਈ ਵਿਧਾਇਕ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵੀਡੀਓ ਨਾਲ ਛੇਡ਼ਛਾਡ਼ ਕਰ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੈ, ਜਿਸ ਕਾਰਣ ਵਿਧਾਇਕ ਕੋਲੋਂ ਇਹ ਪੁੱਛਣਾ ਵੀ ਜ਼ਰੂਰੀ ਹੈ ਕਿ ਇਸ ਮਾਮਲੇ ਵਿਚ ਕੌਣ-ਕੌਣ ਸ਼ਾਮਲ ਹੈ। ਇਸ ਦੇ ਜਵਾਬ ਵਿਚ ਬੈਂਸ ਦੇ ਵਕੀਲਾਂ ਨੇ ਕਿਹਾ ਕਿ ਉਸ ਮੌਕੇ ਉਨ੍ਹਾਂ ਨਾਲ ਸਤਨਾਮ ਸਿੰਘ ਦੇ ਕਰੀਬੀ ਸਨ ਜਿਨ੍ਹਾਂ ਦੇ ਨਾਂ ਉਹ ਵੈਸੇ ਹੀ ਪੁਲਸ ਨੂੰ ਦੱਸਣ ਲਈ ਤਿਆਰ ਹਨ ਅਤੇ ਜੇਕਰ ਵੀਡੀਓ ’ਤੇ ਕੋਈ ਸ਼ੱਕ ਹੈ ਤਾਂ ਪੁਲਸ ਐੱਸ. ਡੀ. ਐੱਮ. ਦੇ ਦਫਤਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕਢਵਾ ਕੇ ਚੈੱਕ ਕਰ ਸਕਦੀ ਹੈ। ਇਸ ਤਰ੍ਹਾਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਈ 16 ਤੱਕ ਮੁਲਤਵੀ ਕਰ ਦਿੱਤੀ।


Baljeet Kaur

Content Editor

Related News