ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ, ਸ਼ਹੀਦਾਂ ਦੇ ਪਰਿਵਾਰਾਂ ਨੇ ਕੀਤਾ ਸਰਕਾਰ ਦਾ ਧੰਨਵਾਦ (ਵੀਡੀਓ)

Tuesday, Feb 26, 2019 - 02:31 PM (IST)

ਗੁਰਦਾਸਪੁਰ (ਦੀਪਕ ਕੁਮਾਰ, ਗੁਰਪ੍ਰੀਤ ਚਾਵਲਾ)— 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਦਾ ਬਦਲਾ ਭਾਰਤੀ ਹਵਾਈ ਫੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਸਥਿਤ ਜੈਸ਼-ਏ-ਮੁਹੰਮਦ ਦੇ ਕਈ ਟਿਕਾਣਿਆਂ 'ਤੇ ਅੱਧੀ ਰਾਤ ਨੂੰ ਹਵਾਈ ਹਮਲਾ ਕਰਕੇ ਲੈ ਲਿਆ ਹੈ। ਭਾਰਤ ਨੇ ਵੱਡੀ ਕਾਰਵਾਈ ਕਰਦੇ ਹੋਏ ਪਾਕਿ ਦੇ ਬਾਲਾਕੋਟ ਅਤੇ ਖੈਬਰ ਪਖਤੂਨਖਵਾ ਸੂਬੇ 'ਚ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।

ਭਾਰਤ ਦੀ ਇਸ ਕਾਰਵਾਈ ਨਾਲ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ। ਦੀਨਾਨਗਰ ਦੇ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨੇ ਵੀ ਭਾਰਤ ਸਰਕਾਰ ਦੀ ਇਸ ਕਾਰਵਾਈ ਨੂੰ ਸ਼ਲਾਘਾਯੋਗ ਦੱਸਿਆ ਹੈ ਅਤੇ ਉਹ ਕਾਫੀ ਖੁਸ਼ ਵੀ ਹਨ। ਮਨਿੰਦਰ ਸਿੰਘ ਦੇ ਪਿਤਾ ਸਤਪਾਲ ਸਿੰਘ ਅੱਤਰੀ ਨੇ ਕਿਹਾ ਕਿ ਅੱਜ ਜੋ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ, ਉਹ ਪਾਕਿਸਤਾਨ ਨੂੰ ਚੰਗਾ ਜਵਾਬ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ।

ਸ਼ਹੀਦ ਮਨਿੰਦਰ ਸਿੰਘ ਅੱਤਰੀ ਦੇ ਭਰਾ ਲਖਵਿੰਦਰ ਸਿੰਘ ਅੱਤਰੀ ਜੋ ਕਿ ਖੁਦ ਸੀ.ਆਰ.ਪੀ.ਐਫ. ਦੇ ਜਵਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰਜੀਕਲ ਸਟਰਾਈਕ ਦਾ ਹਿੱਸਾ ਬਣ ਕੇ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸਰਜੀਕਲ ਸਟਰਾਈਕ ਕਰਕੇ ਉਨ੍ਹਾਂ ਦੇ ਰਿਸਦੇ ਜ਼ਖਮਾਂ 'ਤੇ ਮਲਹਮ ਲਗਾਉਣ ਦਾ ਕੰਮ ਕੀਤਾ ਹੈ।


author

cherry

Content Editor

Related News