ਗਮ 'ਚ ਬਦਲੀਆਂ ਖ਼ੁਸ਼ੀਆਂ : ਪ੍ਰੇਮ ਵਿਆਹ ਦੇ ਦੋ ਹਫ਼ਤੇ ਬਾਅਦ ਹੀ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
Friday, Sep 11, 2020 - 02:22 PM (IST)
ਗੁਰਦਾਸਪੁਰ (ਵਿਨੋਦ) : 17 ਦਿਨ ਪਹਿਲੇ ਹਾਈਕੋਰਟ 'ਚ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦੀ ਬੀਤੀ ਰਾਤ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਅੱਜ ਗੁਰਦਾਸਪੁਰ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਮੰਗਲਸੈਨ ਇਲਾਕੇ 'ਚ ਸੜਕ ਕਿਨਾਰੇ ਖੇਤ 'ਚ ਪਈ ਮਿਲੀ। ਇਸ ਸਬੰਧੀ ਜੌੜਾ ਛੱਤਰਾਂ ਪੁਲਸ ਚੌਂਕੀ ਇੰਚਾਰਜ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਕੁਮਾਰ ਪੁੱਤਰ ਹੰਸ ਰਾਜ ਨਿਵਾਸੀ ਪਿੰਡ ਪੂਰੋਵਾਲ ਬ੍ਰਾਹਮਣ ਬੀਤੀ ਰਾਤ ਮੋਟਰਸਾਈਕਲ ਤੇ ਆਪਣੇ ਘਰ ਤੋਂ ਕੁਝ ਸਾਮਾਨ ਲੈਣ ਦੇ ਲਈ ਨਿਕਲਿਆ ਸੀ, ਪਰ ਰਾਤ ਨੂੰ ਉਹ ਘਰ ਵਾਪਸ ਨਹੀਂ ਆਇਆ। ਅੱਜ ਸਵੇਰੇ ਉਸ ਦੀ ਲਾਸ਼ ਪੁਲਸ ਨੂੰ ਪਿੰਡ ਮੰਗਲਸੈਨ ਦੇ ਪੁਲ਼ ਦੇ ਕੋਲ ਇਕ ਖੇਤ 'ਚ ਪਈ ਮਿਲੀ ਸੀ ਅਤੇ ਮੋਟਰਸਾਈਕਲ ਵੀ ਨਾਲ ਪਿਆ ਮਿਲਿਆ। ਉਨ੍ਹਾਂ ਸ਼ੱਕ ਜਤਾਇਆ ਕਿ ਉਸ ਦਾ ਮੋਟਰਸਾਈਕਲ ਕਿਸੇ ਵਾਹਨ ਨਾਲ ਟਕਰਾਉਣ ਨਾਲ ਇਹ ਹਾਦਸਾ ਹੋਇਆ। ਪੁਲਸ ਨੇ ਅਜੇ ਮ੍ਰਿਤਕ ਦੀ ਮਾਂ ਹਰਭਜਨ ਕੌਰ ਦੇ ਬਿਆਨ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰਕੇ ਲਾਸ਼ ਵਾਰਿਸ਼ਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 328 ਪਾਵਨ ਸਰੂਪਾਂ ਦ ਮਾਮਲੇ ਸਿੱਖਾਂ ਨੇ ਘੇਰੀ SGPC, ਪੱਕਾ ਮੋਰਚਾ ਲਾਉਣ ਦਾ ਕੀਤਾ ਐਲਾਨ
17 ਦਿਨ ਪਹਿਲੇ ਹੀ ਅਦਾਲਤ 'ਚ ਕੀਤਾ ਸੀ ਮ੍ਰਿਤਕ ਨੇ ਪ੍ਰੇਮ ਵਿਆਹ
ਦੂਜੇ ਪਾਸੇ ਮ੍ਰਿਤਕ ਦੀ ਭੈਣ ਪ੍ਰੀਤੀ ਦਾ ਕਹਿਣਾ ਹੈ ਕਿ ਉਸ ਦੇ ਭਰਾ ਸਤਨਾਮ ਕੁਮਾਰ ਨੇ ਲਗਭਗ 17 ਦਿਨ ਪਹਿਲੇ ਹੀ ਚੰਡੀਗੜ੍ਹ ਜਾ ਕੇ ਅਦਾਲਤ 'ਚ ਆਪਣੀ ਪਿੰਡ ਨਬੀਪੁਰ ਨਿਵਾਸੀ ਪ੍ਰੇਮਿਕਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਕੁਝ ਦਿਨ ਪਹਿਲੇ ਹੀ ਇਹ ਦੋਵੇਂ ਪਤੀ-ਪਤਨੀ ਘਰ ਵਾਪਸ ਆਏ ਸੀ। ਬੀਤੀ ਰਾਤ ਲਗਭਗ 8 ਵਜੇ ਸਤਨਾਮ ਸਿੰਘ ਘਰ ਤੋਂ ਕੁਝ ਸਮਾਨ ਲੈਣ ਦੇ ਲਈ ਘਰ ਤੋਂ ਗਿਆ ਸੀ ਅਤੇ ਵਾਪਸ ਨਾ ਆਇਆ। ਰਾਤ 9 ਵਜੇ ਦੇ ਬਾਅਦ ਉਸ ਦੇ ਮੋਬਾਇਲ ਤੇ ਰਿੰਗ ਜਾਂਦੀ ਸੀ, ਪਰ ਚੁੱਕਦਾ ਕੋਈ ਨਹੀਂ ਸੀ। ਅੱਜ ਸਵੇਰੇ ਪੁਲਸ ਨੇ ਸਤਨਾਮ ਕੁਮਾਰ ਦੇ ਮੋਬਾਇਲ ਤੋਂ ਹੀ ਸਾਨੂੰ ਸੂਚਿਤ ਕੀਤਾ ਕਿ ਉਸ ਦੀ ਲਾਸ਼ ਪਿੰਡ ਮੰਗਲਸੈਨ ਦੇ ਪੁੱਲ ਦੇ ਕੋਲ ਪਈ ਹੈ। ਪ੍ਰੀਤੀ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੇ ਭਰਾ ਦੀ ਮੌਤ ਸਬੰਧੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ.ਐੱਸ.ਆਈ. ਦੇ ਅਜਬ ਗਜਬ ਕਾਰੇ, ਸੜਕਾਂ 'ਤੇ ਖੜ੍ਹੇ ਲੋਕਾਂ ਦੇ ਖੋਹ ਰਿਹਾ ਹੈ ਫ਼ੋਨ