ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ’ਚ ਸੁੱਤੀ ਹੋਈ ਹੈ ਕੈਪਟਨ ਸਰਕਾਰ : ਮਜੀਠੀਆ
Monday, Sep 02, 2019 - 10:42 AM (IST)

ਗੁਰਦਾਸਪੁਰ (ਹਰਮਨਪ੍ਰੀਤ) - ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਿੰਡ ਬੱਬੇਹਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਗੱਲਬਾਤ ਕਰਦਿਆਂ ਕਿਹਾ ਕਿ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਗੁਰਦਾਸਪੁਰ ਜ਼ਿਲੇ ਦੀ ਸੰਗਤ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ ਕਿਉਂਕਿ ਦੁਨੀਆ ਭਰ ਦੀ ਸੰਗਤ ਨੇ ਡੇਰਾ ਬਾਬਾ ਨਾਨਕ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ’ਚ ਲੱਗੀਆਂ ਹੋਈਆਂ ਹਨ ਪਰ ਜਿਸ ਢੰਗ ਨਾਲ ਸਮੁੱਚੇ ਵਿਸ਼ਵ ਦੀ ਸੰਗਤ ’ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਦਿਖਾਈ ਦੇ ਰਹੀ ਹੈ, ਉਸ ਮੁਤਾਬਕ ਕਿਸੇ ਇਕ ਸਰਕਾਰ ਜਾਂ ਪ੍ਰਸ਼ਾਸਨ ਵਾਸਤੇ ਸੰਗਤ ਲਈ ਲੋੜੀਂਦੇ ਸੁਚੱਜੇ ਪ੍ਰਬੰਧ ਕਰ ਸਕਣੇ ਆਸਾਨ ਨਹੀਂ ਹੋਣਗੇ। ਇਸ ਲਈ ਉਨ੍ਹਾਂ ਨੇ ਜ਼ਿਲੇ ਦੀ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਜਿਸ-ਜਿਸ ਰਸਤੇ ਰਾਹੀਂ ਸੰਗਤ ਨੇ ਡੇਰਾ ਬਾਬਾ ਨਾਨਕ ਪਹੁੰਚਣਾ ਹੈ, ਉਸ ਰਸਤੇ ’ਚ ਆਉਣ ਵਾਲੇ ਹਰੇਕ ਪਿੰਡ ਦੀ ਪੰਚਾਇਤ ਅਤੇ ਹੋਰ ਆਗੂ ਪਾਰਟੀ ਪੱਧਰ ਤੋਂ ਉਪਰ ਉਠ ਕੇ ਸੰਗਤ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰਨ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਲਾਂਘਾ ਖੁਲ੍ਹਵਾਉਣ ਲਈ ਪਹਿਲਕਦਮੀ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ ਅਤੇ ਨਾ ਹੀ ਕੋਈ ਫੰਡ ਜਾਰੀ ਕੀਤਾ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਸੰਗਤ ਦੀ ਭਲਾਈ ਅਤੇ ਸੇਵਾ ਦੇ ਮਾਮਲੇ ਵਿਚ ਉਪਰਾਲੇ ਕਰਨ ਦੀ ਬਜਾਏ ਕੈਪਟਨ ਸਰਕਾਰ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪਾਕਿਸਤਾਨ ਭਾਰਤ ਨੂੰ ਪ੍ਰਮਾਣੂ ਬੰਬ ਦੀਆਂ ਧਮਕੀਆਂ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨਾਲ ਹੋਰ ਰਿਸ਼ਤੇ ਤਾਂ ਬੰਦ ਕਰ ਦਿੱਤੇ ਹਨ ਪਰ ਇਸ ਲਾਂਘੇ ਦੀ ਉਸਾਰੀ ਨੂੰ ਜਾਰੀ ਰੱਖਿਆ ਹੋਇਆ ਹੈ, ਤਾਂ ਜੋ ਇਹ ਕੰਮ ਸਮੇਂ-ਸਿਰ ਮੁਕੰਮਲ ਹੋ ਸਕੇ ਅਤੇ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇ।
ਉਨ੍ਹਾਂ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਹੜ੍ਹ ਪੀੜਤਾਂ ਦੇ ਮੁੱਦੇ ਚੁੱਕਦਿਆਂ ਕਿਹਾ ਕਿ ਕੈਪਟਨ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਬਾਜਵਾ ਨੇ ਖੁਦ ਹੀ ਦੱਸ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਵਿਚ ਨਾਜਾਇਜ਼ ਮਾਈਨਿੰਗ ਕਿਸ ਹੱਦ ਤੱਕ ਹੋ ਰਹੀ ਹੈ ਅਤੇ ਇਸ ਮਾਈਨਿੰਗ ਕਾਰਣ ਹੀ ਪੰਜਾਬ ਵਿਚ ਹੜ੍ਹ ਆਏ ਹਨ। ਇਸ ਮੌਕੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਅਤੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਮੌਜੂਦ ਸਨ।