ਗੁਰਦਾਸਪੁਰ : ਦੋਸਤਾਂ ਨੇ ਦਿੱਤੀ ਨਸ਼ੇ ਦੀ ਓਵਰਡੋਜ਼, ਨੌਜਵਾਨ ਦੀ ਮੌਤ

Friday, Jul 27, 2018 - 03:49 PM (IST)

ਗੁਰਦਾਸਪੁਰ : ਦੋਸਤਾਂ ਨੇ ਦਿੱਤੀ ਨਸ਼ੇ ਦੀ ਓਵਰਡੋਜ਼, ਨੌਜਵਾਨ ਦੀ ਮੌਤ

ਗੁਰਦਾਸਪੁਰ (ਵਿਨੋਦ, ਦੀਪਕ) : ਜ਼ਿਲਾ ਪੁਲਸ ਗੁਰਦਾਸਪੁਰ ਦੇ ਪਿੰਡ ਅਵਾਂਖਾ ਤੋਂ 21 ਜੁਲਾਈ ਤੋਂ ਲਾਪਤਾ ਹੋਏ ਨੌਜਵਾਨ ਪ੍ਰਵੇਸ਼ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਦੀ ਲਾਸ਼ ਪਿੰਡ ਮਦਾਨਪੁਰ ਦੇ ਖੇਤਾਂ 'ਚੋਂ ਮਿਲੀ। ਇਸ ਸੰਬੰਧੀ ਤਿੰਨ ਮੁਲਜ਼ਮਾਂ ਦੇ ਵਿਰੁੱਧ ਧਾਰਾ 364 ,304 ਅਤੇ 201 ਅਧੀਨ ਕੇਸ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਕ ਫਰਾਰ ਦੱਸਿਆ ਜਾਦਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਅਵਾਂਖਾ ਨਿਵਾਸੀ ਅਸ਼ੋਕ ਕੁਮਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਲੜਕਾ ਪ੍ਰਵੇਸ਼ ਕੁਮਾਰ 21 ਜੁਲਾਈ ਤੋਂ ਲਾਪਤਾ ਹੈ। ਇਸ ਸਬੰਧੀ ਦੀਨਾਨਗਰ ਪੁਲਸ ਸਟੇਸ਼ਨ 'ਚ ਧਾਰਾ 364 ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਦੇ ਲਈ ਪੁਲਸ ਮੁਖੀ ਡਿਟੈਕਟਿਵ ਹਰਵਿੰਦਰ ਸਿੰਘ, ਡੀ.ਐੱਸ.ਪੀ. ਮਨੋਜ ਕੁਮਾਰ ਅਤੇ ਦੀਨਾਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਇਸ ਸਬੰਧੀ ਪ੍ਰਵੇਸ਼ ਦੇ ਪਿਤਾ ਅਸ਼ੋਕ ਕੁਮਾਰ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਮਿਲ ਕੇ ਨਸ਼ਾ ਕਰਦਾ ਸੀ। ਪੁਲਸ ਨੇ ਛਾਪਾਮਾਰੀ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਤੀਜਾ ਮੁਲਜ਼ਮ ਫਰਾਰ ਹੋਣ 'ਚ ਸਫਲ ਹੋ ਗਿਆ। 
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਹੈ ਕਿ ਜ਼ਿਲਾ ਪੁਲਸ ਗੁਰਦਾਸਪੁਰ 'ਚ ਨਸ਼ੇ ਦੀ ਪੂਰਤੀ ਦੇ ਲਈ ਸਾਮਾਨ ਨਾ ਮਿਲਣ ਦੇ ਕਾਰਨ 21 ਜੁਲਾਈ ਨੂੰ ਉਹ ਤਿੰਨੇ ਦੋਸਤ ਪ੍ਰਵੇਸ਼ ਦੇ ਨਾਲ ਦੋ ਮੋਟਰਸਾਈਕਲਾਂ 'ਤੇ ਹਿਮਾਚਲ ਪ੍ਰਦੇਸ਼ ਦੇ ਨਸ਼ੇ ਲਈ ਬਦਨਾਮ ਪਿੰਡ ਛੰਨੀ ਬੇਲੀ ਗਏ ਸੀ, ਉਥੋਂ ਜਾ ਕੇ ਉਨ੍ਹਾਂ ਨੇ 800 ਰੁਪਏ ਦਾ ਚਿੱਟਾ ਖਰੀਦ ਕੇ ਪ੍ਰਵੇਸ਼ ਨੂੰ ਨਸ਼ੇ ਵਾਲਾ ਟੀਕਾ ਲਗਾਇਆ ਸੀ। ਟੀਕਾ ਲੱਗਦੇ ਹੀ ਉਹ ਬੇਹੋਸ਼ ਹੋ ਗਿਆ ਅਤੇ ਉਸ ਦੀ ਤਬੀਅਤ ਖਰਾਬ ਹੋ ਗਈ। ਜਿਸ ਕਾਰਨ ਉਹ ਮੋਟਰਸਾਈਕਲ 'ਤੇ ਵਾਪਸ ਆਉਣ ਦੇ ਕਾਬਲ ਨਾ ਰਿਹਾ ਤੇ ਉਸ ਦੇ ਦੋਸਤ ਉਸ ਨੂੰ ਛੰਨੀ ਬੇਲੀ 'ਚ ਇਕ ਮੰਦਰ ਦੇ ਕੋਲ ਛੱਡ ਕੇ ਵਾਪਸ ਅਵਾਂਖਾ ਆ ਗਏ। ਅਵਾਂਖਾ ਤੋਂ ਕਿਸੇ ਦੀ ਕਾਰ ਮੰਗ ਕੇ ਉਹ ਫਿਰ ਛੰਨੀ ਬੇਲੀ ਗਏ ਅਤੇ ਉਥੋਂ ਪ੍ਰਵੇਸ਼ ਨੂੰ ਲੈ ਕੇ ਵਾਪਸ ਆ ਰਹੇ ਸੀ ਕਿ ਰਸਤੇ 'ਚ ਪ੍ਰਵੇਸ਼ ਦੀ ਮੌਤ ਹੋ ਗਈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਪ੍ਰਵੇਸ਼ ਦੀ ਮੌਤ ਦੇ ਬਾਰੇ 'ਚ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਣ ਦੀ ਬਜਾਏ, ਪ੍ਰਵੇਸ਼ ਦੀ ਲਾਸ਼ ਲੈ ਕੇ ਤਾਰਾਗੜ੍ਹ ਪੁਲਸ ਸਟੇਸ਼ਨ ਦੇ ਪਿੰਡ ਮਦਾਨਪੁਰ ਚਲੇ ਗਏ ਅਤੇ ਉਥੇ ਇਕ ਗੰਨੇ ਦੇ ਖੇਤ 'ਚ ਪ੍ਰਵੇਸ਼ ਦੀ ਲਾਸ਼ ਸੁੱਟ ਕੇ ਵਾਪਸ ਆ ਗਏ। 
ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪ੍ਰਵੇਸ਼ ਦੀ ਲਾਸ਼ ਗੰਨੇ ਦੇ ਖੇਤ 'ਚੋਂ ਬਰਾਮਦ ਕੀਤੀ ਗਈ। ਪ੍ਰਵੇਸ਼ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕਾਲਾ, ਗੁੰਨੀ ਤੇ ਬਲਜਿੰਦਰ ਦੇ ਵਿਰੁੱਧ ਕੇਸ ਦਰਜ ਕਰਕੇ ਗੁੰਨੀ ਤੇ ਬਲਜਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਕਾਲਾ ਫਰਾਰ ਹੋ ਗਿਆ ਹੈ। 


Related News