ਗੁਰਦਾਸਪੁਰ : ਕਾਂਗਰਸੀ ਨੇਤਾ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀ ਗੋਲੀ (ਵੀਡੀਓ)
Monday, Jul 02, 2018 - 12:14 PM (IST)
ਗੁਰਦਾਸਪੁਰ (ਵਿਨੋਦ) : ਕਾਂਗਰਸੀ ਨੇਤਾ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਦੇ ਪਿੰਡ ਹਾਯਾਤ ਨਗਰ 'ਚ ਕਾਂਗਰਸੀ ਨੇਤਾ ਉਂਕਾਰ ਸਿੰਘ 'ਤੇ ਉਨ੍ਹਾਂ ਦੇ ਘਰ ਦੇ ਬਾਹਰ 2 ਮੋਟਸਾਈਕਲਾਂ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਕਾਂਗਰਸੀ ਨੇਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਉਂਕਾਰ ਸਿੰਘ ਨੂੰ ਸਵੇਰੇ ਮੋਬਾਇਲ 'ਤੇ ਅਣਪਛਾਤੇ ਨੰਬਰ ਤੋਂ 'ਹੈਲੋ' ਦਾ ਮੈਸੇਜ ਆਇਆ ਤੇ ਕੁਝ ਦੇਰ ਉਪਰੰਤ ਉਸ ਨੂੰ ਇਕ ਨੌਜਵਾਨ ਨੇ ਘਰ ਦੇ ਬਾਹਰ ਖੜੇ ਹੋ ਕੇ ਆਵਾਜ਼ ਲਗਾਈ ਅਤੇ ਜਦ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨ, ਜਿੰਨਾਂ ਨੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਨੇ ਉਸ ਦੀ ਲੱਤ 'ਤੇ ਚਾਰ ਗੋਲੀਆ ਮਾਰ ਦਿੱਤੀਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਨਿਕਲੇ ਤੇ ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਥਾਨਕ ਸਿਵਲ ਹਸਪਤਾਲ ਗੁਰਦਾਸਪੁਰ 'ਚ ਦਾਖਲ ਕਰਵਾਇਆ।
ਇਸ ਮਾਮਲੇ ਸੰਬੰਧੀ ਜਦ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਗੋਲੀ ਚਲਾਉਣ ਵਾਲੇ ਨੌਜਵਾਨਾਂ ਨੇ ਮੂੰਹ 'ਤੇ ਕੱਪੜਾ ਬੰਨ੍ਹਿਆਂ ਹੋਇਆ ਸੀ, ਇਸ ਲਈ ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ। ਉਨ੍ਹਾਂ ਕਿਹਾ ਜਲਦ ਹੀ ਮਾਮਲੇ ਦਾ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
